ਕਮਲ ਨਾਥ ਖਿਲਾਫ ਅਕਾਲੀਆਂ ਨੇ ਸਦਨ ‘ਚ ਕੀਤਾ ਹੰਗਾਮਾ

ਬ੍ਰਹਮ ਮਹਿੰਦਰਾ ਨੇ ਵੀ ਅਕਾਲੀਆਂ ਨਾਲ ਕਮਲ ਨਾਥ ਦੀ ਫੋਟੋ ਸਾਹਮਣੇ ਲਿਆਂਦੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਮੱਧ ਪ੍ਰਦੇਸ਼ ਦੇ ਨਵੇਂ ਬਣ ਰਹੇ ਕਾਂਗਰਸੀ ਮੁੱਖ ਮੰਤਰੀ ਕਮਲ ਨਾਥ ਦਾ ਮੁੱਦਾ ਉੱਠਿਆ। ਜਿਸ ‘ਤੇ ਅਕਾਲੀ ਦਲ ਨੇ ਤਿੱਖਾ ਵਿਰੋਧ ਕੀਤਾ। ਸੁਖਬੀਰ ਬਾਦਲ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਗਾਏ ਜਾਣ ਪ੍ਰਤੀ ਨਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਂਗਰਸ 1984 ਦੇ ਦੋਸ਼ੀਆਂ ਨੂੰ ਬਚਾਉਣ ਲੱਗੀ ਹੋਈ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਜਾਣ ਬੁਝ ਕੇ ਇਕ ਦਾਗੀ ਮੰਤਰੀ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾ ਰਹੀ ਹੈ। ਅਕਾਲੀ ਦਲ ਨੇ ਕਮਲ ਨਾਥ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਸੇ ਦੌਰਾਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਵਿਵਾਦ ‘ਤੇ ਬੋਲਦਿਆਂ ਕਿਹਾ ਕਿ ਕਮਲ ਨਾਥ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਜਾਂ ਮੁਕੱਦਮਾ ਨਹੀਂ ਹੈ। ਇਸ ਲਈ ਬਹਿਸ ਕਰਨੀ ਬੇਬੁਨਿਆਦ ਹੈ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਅਕਾਲੀਆਂ ਨਾਲ ਕਮਲ ਨਾਥ ਦੀਆਂ ਤਸਵੀਰਾਂ ਵੀ ਸਾਹਮਣੇ ਲਿਆਂਦੀਆਂ, ਜਿਸ ਤੋਂ ਬਾਅਦ ਅਕਾਲੀਆਂ ਨੇ ਨਾਅਰੇਬਾਜ਼ੀ ਕਰਦਿਆਂ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ।