ਕਮਲਨਾਥ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

ਕਿਹਾ – 10 ਦਿਨਾਂ ਵਿਚ ਕਿਸਾਨਾਂ ਦਾ ਕਰਜ਼ਾ ਮੁਆਫੀ ਦਾ ਵਾਅਦਾ ਕਰਾਂਗੇ ਪੂਰਾ
ਨਵੀਂ ਦਿੱਲੀ : ਮੱਧ ਪ੍ਰਦੇਸ਼ ਵਿਚ ਕਾਂਗਰਸੀ ਆਗੂ ਕਮਲਨਾਥ ਨੇ ਅੱਜ ਰਾਜਪਾਲ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਾਂਗਰਸ ਪਾਰਟੀ ਨੇ ਦੇਰ ਰਾਤ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਮੁੱਖ ਮੰਤਰੀ ਲਈ ਕਮਲਨਾਥ ਦੇ ਨਾਮ ਦਾ ਐਲਾਨ ਕੀਤਾ ਸੀ। ਆਉਂਦੇ ਸੋਮਵਾਰ ਨੂੰ ਭੋਪਾਲ ਦੇ ਲਾਲ ਪਰੇਡ ਗਰਾਊਂਡ ਵਿਚ ਕਮਲਨਾਥ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਧਿਆਨ ਰਹੇ ਕਿ ਵਿਧਾਨ ਸਭਾ ਚੋਣਾਂ ਤੋਂ ਕਰੀਬ ਛੇ ਮਹੀਨੇ ਪਹਿਲਾਂ ਕਮਲਨਾਥ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਸੀ। ਕਾਂਗਰਸ ਨੇ ਇਸ ਫੈਸਲੇ ਦੇ ਨਾਲ ਹੀ ਇਹ ਵੀ ਸਾਫ ਕਰ ਦਿੱਤਾ ਸੀ ਕਿ ਮੱਧ ਪ੍ਰਦੇਸ਼ ਵਿਚ ਕੋਈ ਵੀ ਉਪ ਮੁੱਖ ਮੰਤਰੀ ਨਹੀਂ ਹੋਵੇਗਾ। ਇਸੇ ਦੌਰਾਨ ਕਮਲਨਾਥ ਨੇ ਕਿਹਾ ਕਿ 10 ਦਿਨਾਂ ਵਿਚ ਹੀ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਾਂਗੇ ਅਤੇ ਖੇਤੀ ਤੇ ਵਿਕਾਸ ਲਈ ਵੀ ਕੰਮ ਕਰਾਂਗੇ।