ਕਮਲਨਾਥ ਨੂੰ ਲੈ ਕੇ ਖਹਿਰਾ ਨੇ ਵੀ ਜਤਾਇਆ ਵਿਰੋਧ, ਕਿਹਾ-ਕੈਪਟਨ ਦੇਣ ਦਖਲ

ਚੰਡੀਗੜ੍ਹ — ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਕਥਿਤ ਤੌਰ ‘ਤੇ ਸ਼ਾਮਲ ਕਮਲਨਾਥ ਦੇ ਮੁੱਦੇ ‘ਤੇ ਵੀ ਕੈਪਟਨ ਅਮਰਿੰਦਰ ਸਿੰਘ ਆਪਣਾ ਰੁਖ ਰੱਖਣ। ਖਹਿਰਾ ਨੇ ਕਿਹਾ ਕਿ ਦੰਗਿਆਂ ਦੇ ਸਮੇਂ ਕਮਲਨਾਥ ਦੀ ਸੰਸਦ ਨੇੜੇ ਰਕਾਬਗੰਜ ਗੁਰਦੁਆਰੇ ਨੇੜੇ ਮੌਜੂਦਗੀ ਦੀ ਪੁਸ਼ਟੀ ਇਕ ਅੰਗਰੇਜ਼ੀ ਅਖਬਾਰ ਦੇ ਉਸ ਸਮੇਂ ਦੇ ਪੱਤਰਕਾਰ ਸੰਜੇ ਸੂਰੀ ਨੇ ਹੀ ਨਹੀਂ ਸਗੋਂ ਦੋ ਸੀਨੀਅਰ ਪੁਲਸ ਅਧਿਕਾਰੀ ਪੁਲਸ ਕਮਿਸ਼ਨਰ ਸੁਭਾਸ਼ ਟੰਡਨ ਅਤੇ ਐਡੀਸ਼ਨਲ ਕਮਿਸ਼ਨਰ ਗੌਤਮ ਕੌਲ ਨੇ ਵੀ ਕੀਤੀ ਹੈ। ਵਿਰੋਧੀ ਧਿਰ ਦੇ ਸਾਬਕਾ ਨੇਤਾ ਕਿਹਾ ਕਿ ਨਾਨਾਵਟੀ ਕਮਿਸ਼ਨ ਨੇ ਕਮਲਨਾਥ ਤੋਂ ਪੁੱਛਗਿੱਛ ਵੀ ਕੀਤੀ ਸੀ ਅਤੇ ਉਨ੍ਹਾਂ ਦੇ ਉੱਤਰ ਨੂੰ ਅਸਪਸ਼ਟ ਕਰਾਰ ਦਿੱਤਾ ਸੀ। ਇਹ ਸਹੀ ਪ੍ਰਮਾਣ ਸੀ ਕਿ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਜਾਂਦਾ ਪਰ ਇੰਨੇ ਸਾਲ ਤੱਕ ਕਾਂਗਰਸ ਅਤੇ ਬਾਅਦ ‘ਚ ਭਾਜਪਾ ਨੇ ਵੀ ਉਨ੍ਹਾਂ ਨੂੰ ਬਚਾਇਆ ਅਤੇ ਕੁਝ ਨਹੀਂ ਕੀਤਾ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਦਿੱਲੀ ‘ਚ ਪਾਰਟੀ ਆਲਾਕਮਾਨ ਦੇ ਨਿਰਦੇਸ਼ਾਂ ‘ਤੇ ਕੈਨੇਡਾ ਦੇ ਸਿੱਖ ਰਾਜਨੇਤਾਵਾਂ ਨੂੰ ਬੇਝਿਜਕ ਬਦਨਾਮ ਕਰਦੇ ਰਹਿੰਦੇ ਹਨ ਕੀ ਹੁਣ ਉਹ ਇਸ ਮੁੱਦੇ ‘ਤੇ ਬੋਲਣ ਦੀ ਹਿੰਮਤ ਦਿਖਾਉਣਗੇ।
ਖਹਿਰਾ ਨੇ ਕਿਹਾ ਕਿ ਕੈਪਟਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਮਲਨਾਥ ਖਿਲਾਫ ਪ੍ਰਮਾਣ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਮੁਕਾਬਲੇ ਜ਼ਿਆਦਾ ਮਜਬੂਤ ਹਨ ਜਦਕਿ ਅੱਜ ਤੱਕ ਕੈਪਟਨ ਸੱਜਣ ਸਿੰਘ ਖਿਲਾਫ ਕੋਈ ਪ੍ਰਮਾਣ ਨਹੀਂ ਦੇ ਸਕੇ ਹਨ। ਖਹਿਰਾ ਨੇ ਕਿਹਾ ਜੇਕਰ ਕੈਪਟਨ ‘ਚ ਇੰਨੀ ਹਿੰਮਤ ਹੈ ਤਾਂ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾ ਬਣਾਉਣ ਲਈ ਕਹਿਣ।