ਵਿਧਾਨ ਸਭਾ ਚੋਣਾਂ: ਝਾਲਰਾਪਾਟਨ ਸੀਟ ਤੋਂ ਜਿੱਤੀ ਵਸੁੰਧਰਾ

ਰਾਜਸਥਾਨ— ਵਿਧਾਨ ਸਭਾ ਚੋਣਾਂ 2018 ਲਈ ਜਾਰੀ ਵੋਟਾਂ ਦੀ ਗਿਣਤੀ ‘ਚ ਝਾਲਰਾਪਾਟਨ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਅਤੇ ਰਾਜ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਜਿੱਤ ਦਰਜ ਕੀਤੀ ਹੈ। ਵਸੁੰਧਰਾ ਰਾਜੇ ਨੇ ਆਪਣੇ ਮੁਕਾਬਲੇਬਾਜ਼ ਕਾਂਗਰਸ ਦੇ ਉਮੀਦਵਾਰ ਮਾਨਵੇਂਦਰ ਸਿੰਘ ਨੂੰ ਹਰਾਇਆ ਹੈ। ਟੋਂਕ ਤੋਂ ਸਚਿਨ ਪਾਇਲਟ, ਸਰਦਾਰਪੁਰਾ ਤੋਂ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਜਿੱਤ ਗਏ ਹਨ। ਰਾਜ ‘ਚ ਭਾਜਪਾ ਦੇ ਮੌਜੂਦਾ ਗ੍ਰਹਿ ਮੰਤਰੀ ਗੁਲਾਬਚੰਦ ਕਟਾਰੀਆ ਉਦੇਪੁਰ ਤੋਂ ਅੱਗੇ ਚੱਲ ਰਹੇ ਹਨ।
ਝਾਲਰਾਪਾਟਨ ਤੋਂ ਭਾਜਪਾ ਨੇਤਾ ਰਹੇ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਸਾਹਮਣੇ ਸਨ। ਵਸੁੰਧਰਾ ਰਾਜੇ ਨੇ ਮਾਨਵੇਂਦਰ ਸਿੰਘ ਨੂੰ ਹਰਾ ਕੇ ਝਾਲਰਾਪਾਟਨ ਸੀਟ ‘ਤੇ ਆਪਣਾ ਕਬਜ਼ਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਰਾਜਸਥਾਨ ਵਿਧਾਨ ਸਭਾ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਭਾਰਤੀ ਰਾਸ਼ਟਰੀ ਕਾਂਗਰਸ 95 ਸੀਟਾਂ ‘ਤੇ, ਭਾਰਤੀ ਜਨਤਾ ਪਾਰਟੀ 80 ਸੀਟਾਂ ਅਤੇ ਹੋਰ ਦੇ ਖਾਤੇ ‘ਚ 23 ਸੀਟਾਂ ਦਿੱਸ ਰਹੀਆਂ ਹਨ। ਰਾਜਸਥਾਨ ‘ਚ 200 ਵਿਧਾਨ ਸਭਾ ਸੀਟਾਂ ‘ਚੋਂ 199 ਸੀਟਾਂ ‘ਤੇ ਵੋਟਿੰਗੰ ਹੋਈ ਸੀ ਅਤੇ ਰਾਜ ‘ਚ 74.38 ਫੀਸਦੀ ਵੋਟਿੰਗ ਹੋਈ ਸੀ।