ਮੋਦੀ ਰਾਜ ‘ਚ ਪਹਿਲੀ ਵਾਰ ਭਾਜਪਾ ਤੋਂ ਸੱਤਾ ਖੋਹਣ ‘ਚ ਕਾਮਯਾਬ ਹੋਈ ਕਾਂਗਰਸ

ਨਵੀਂ ਦਿੱਲੀ— 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਭਾਜਪਾ ਤੋਂ ਛੱਤੀਸਗੜ੍ਹ ਖੋਹ ਲਿਆ ਹੈ ਅਤੇ ਰੁਝਾਨਾਂ ਤੋਂ ਸੰਭਾਵਨਾ ਹੈ ਕਿ ਪਾਰਟੀ ਰਾਜਸਥਾਨ ‘ਚ ਵੀ ਸਰਕਾਰ ਗਵਾ ਸਕਦੀ ਹੈ। 2014 ‘ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਨਾਲ ਸਿੱਧੀ ਲੜਾਈ ‘ਚ ਪਾਰਟੀ ਨੇ ਪਹਿਲੀ ਵਾਰ ਕਿਸੇ ਰਾਜ ਦੀ ਸੱਤਾ ਮੁੱਖ ਵਿਰੋਧੀ ਪਾਰਟੀ ਦੇ ਹੱਥੋਂ ਗਵਾਈ ਹੈ। ਹਾਲਾਂਕਿ ਪੰਜਾਬ ਅਤੇ ਕਰਨਾਟਕ ‘ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਪੰਜਾਬ ‘ਚ ਭਾਜਪਾ ਐੱਨ.ਡੀ.ਏ. ਦਾ ਹਿੱਸਾ ਰਹੀ ਸੀ ਅਤੇ ਉਹ ਉੱਥੇ ਮੁੱਖ ਚਿਹਰਾ ਨਹੀਂ ਸਨ। ਦੂਜੇ ਪਾਸੇ ਕਰਨਾਟਕ ‘ਚ ਕਾਂਗਰਸ ਹੀ ਸੱਤਾ ‘ਚ ਸੀ।
ਜ਼ਿਕਰਯੋਗ ਹੈ ਕਿ ‘ਕਾਂਗਰਸ ਮੁਕਤ’ ਭਾਰਤ ਦਾ ਨਾਅਰਾ ਦੇਣ ਵਾਲੇ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਇਹ ਜੇਤੂ ਜੋੜੀ ਇਨ੍ਹਾਂ 4 ਸਾਲਾਂ ‘ਚ ਕਾਂਗਰਸ ਨੂੰ ਇਕ-ਇਕ ਕਰ ਕੇ ਕਈ ਸੂਬਿਆਂ ਤੋਂ ਬੇਦਖਲ ਕਰਦੀ ਆ ਰਹੀ ਸੀ। ਕਾਂਗਰਸ ‘ਚ ਸੰਜੀਵਨੀ ਫੂਕਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਇਹ ਵੱਡੀ ਜਿੱਤ ਹੈ। ਇਹ ਸੰਯੋਗ ਹੈ ਕਿ ਰਾਹੁਲ ਦੇ ਕਾਂਗਰਸ ਦੀ ਕਮਾਨ ਸੰਭਾਲਣ ਦੇ ਠੀਕ ਇਕ ਸਾਲ ਬਾਅਦ ਪਾਰਟੀ ਨੂੰ ਇਹ ਜਿੱਤ ਮਿਲੀ ਹੈ। ਰਾਹੁਲ ਗਾਂਧੀ ਅੱਜ ਹੀ ਦੇ ਦਿਨ 11 ਦਸੰਬਰ 2017 ਪਾਰਟੀ ਦਾ ਪ੍ਰਧਾਨ ਬਣਿਆ ਸੀ। ਰੁਝਾਨਾਂ ਅਨੁਸਾਰ ਰਾਜਸਥਾਨ ‘ਚ ਹਰ 5 ਸਾਲ ‘ਚ ਸਰਕਾਰ ਬਦਲਣ ਦਾ ਟਰੈਂਡ ਜਾਰੀ ਰਿਹਾ ਅਤੇ ਇਸ ਵਾਰ ਭਾਜਪਾ ਕਾਂਗਰਸ ਤੋਂ ਪਿਛੜਦੀ ਦਿੱਸ ਰਹੀ ਹੈ।