‘ਆਪ’ ਦਾ ਭਾਜਪਾ ‘ਤੇ ਤੰਜ਼, 2019 ‘ਚ ‘ਭਾਜਪਾ ਮੁਕਤ’ ਹੋ ਜਾਵੇਗਾ ਭਾਰਤ

ਨਵੀਂ ਦਿੱਲੀ— 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ‘ਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਤੀਕਿਰਿਆ ਦਿੱਤੀ ਹੈ। ‘ਆਪ’ ਪਾਰਟੀ ਨੇ ਦਾਅਵਾ ਕੀਤਾ ਕਿ 2019 ‘ਚ ਭਾਰਤ ‘ਭਾਜਪਾ ਮੁਕਤ’ ਹੋ ਜਾਵੇਗਾ। ਤਾਜ਼ਾ ਰੁਝਾਨਾਂ ਮੁਤਾਬਕ ਭਾਜਪਾ ਪਾਰਟੀ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਆਪਣੀ ਮੁੱਖ ਮੁਕਾਬਲੇਬਾਜ਼ ਕਾਂਗਰਸ ਤੋਂ ਪਿੱਛੇ ਹੈ, ਜਦਕਿ ਮੱਧ ਪ੍ਰਦੇਸ਼ ‘ਚ ਉਸ ਦੇ ਅਤੇ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਆਮ ਚੋਣਾਂ ਤੋਂ ਪਹਿਲਾਂ ਇਕ ਸੈਮੀਫਾਈਨਲ ਮੁਕਾਬਲਾ ਦੱਸਿਆ ਜਾ ਰਿਹਾ ਹੈ।
‘ਆਪ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਨੇ ਕਿਹਾ, ”2019 ਭਾਜਪਾ ਮੁਕਤ ਭਾਰਤ ਹੋਵੇਗਾ।” ਉਨ੍ਹਾਂ ਨੇ ਕਿਹਾ, ”ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਜੁਮਲਿਆਂ ਤੋਂ ਅੱਕ ਚੁੱਕੇ ਹਨ।” ਸਿੰਘ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਕੰਮ ਦੇ ਆਧਾਰ ‘ਤੇ ਵੋਟ ਮੰਗਣੇ ਚਾਹੀਦੇ ਹਨ, ਨਾ ਕਿ ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ਦੇ ਨਾਂ ‘ਤੇ। ਸੰਜੈ ਸਿੰਘ ਨੇ ਕਿਹਾ ਕਿ ਕਿਸਾਨ, ਔਰਤਾਂ, ਕਾਰੋਬਾਰੀ ਭਾਜਪਾ ਦੀਆਂ ਨੀਤੀਆਂ ਤੋਂ ਨਾ-ਖੁਸ਼ ਸਨ ਅਤੇ ਇਸ ਵਜ੍ਹਾ ਤੋਂ ਉਹ ਜਨਾਧਾਰ ਗੁਵਾਉਂਦੀ ਨਜ਼ਰ ਆ ਰਹੀ ਹੈ।