ਪਿਛਲੇ ਕੁਝ ਮਹੀਨਿਆਂ ਤੋਂ ਜੇਕਰ ਕੋਈ ਵਿਅਕਤੀ ਮੀਡੀਏ ਵਿੱਚ ਛਾਇਆ ਹੋਇਆ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ। ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਉਹ ਅਗਸਤ ਮਹੀਨੇ ਵਿੱਚ ਆਪਣੇ ਕ੍ਰਿਕਟਰ ਮਿੱਤਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਮੌਕੇ ‘ਤੇ ਉਸ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਗਿਆ ਹੋਇਆ ਸੀ। ਉੱਥੇ ਉਸ ਨੇ ਪਾਕਿਸਤਾਨ ਦੇ ਫ਼ੌਜੀ ਮੁਖੀ ਕਮਰ ਬਾਜਵਾ ਨੂੰ ਉਸ ਵਕਤ ਜੱਫੀ ਪਾ ਕੇ ਵਖਤ ਪਾ ਲਿਆ ਜਦੋਂ ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਤਿਆਰ ਹੈ। ਇਹ ਖ਼ਬਰ ਲੈ ਕੇ ਜਦੋਂ ਸਿੱਧੂ ਭਾਰਤ ਆਇਆ ਤਾਂ ਉਸ ਨੂੰ ਕੁਝ ਲੋਕਾਂ ਨੇ ਜਿੱਥੇ ਇਸ ਲਈ ਪਲਕਾਂ ‘ਤੇ ਬਿਠਾ ਲਿਆ ਕਿਉਂਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਪਿਛਲੇ ਸੱਤ ਦਹਾਕਿਆਂ ਤੋਂ ਸਿੱਖ ਕਰਦੇ ਆ ਰਹੇ ਸਨ, ਉੱਥੇ ਕੁਝ ਨੇ ਇਹ ਕਹਿ ਕੇ ਉਸ ਦੀ ਆਲੋਚਨਾ ਕੀਤੀ ਕਿ ਬਾਜਵਾ ਅਨੇਕਾਂ ਭਾਰਤੀ ਫ਼ੌਜੀਆਂ ਨੂੰ ਮਾਰਨ ਦਾ ਦੋਸ਼ੀ ਹੈ ਇਸ ਲਈ ਉਸ ਨਾਲ ਜੱਫ਼ੀ ਸ਼ਹੀਦਾਂ ਦਾ ਅਪਮਾਨ ਹੈ।
ਬਾਦਲ ਪਰਿਵਾਰ, ਜਿਸ ਨਾਲ ਸਿੱਧੂ ਦੀ ਨਿੱਜੀ ਅਤੇ ਸਿਆਸੀ ਦੁਸ਼ਮਣੀ ਹੈ, ਨੇ ਸਾਬਕਾ ਕ੍ਰਿਕਟਰ ਨੂੰ ਦਬ ਕੇ ਭੰਡਿਆ। ਭਾਜਪਾ ਨੇ ਵੀ ਸਿੱਧੂ ਨੂੰ ਲੰਬੇ ਹੱਥੀਂ ਲਿਆ। ਦਿਲਚਸਪ ਗੱਲ ਇਹ ਹੈ ਕਿ ਬਾਜਵਾ ਨਾਲ ਜੱਫੀ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੁਰਾ ਮਨਾਇਆ। ਇਸ ਮੁੱਦੇ ਨੂੰ ਲੈ ਕੇ ਕੈਪਟਨ ਅਤੇ ਸਿੱਧੂ ਦੀ ਸੁਰ ਕਿਸੇ ਵੀ ਪੜਾਅ ‘ਤੇ ਨਹੀਂ ਰਲੀ। ਜਦੋਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਉਸ ਵਕਤ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਕਿ ਨਾ ਜਾਣ ਲਈ ਕਿਹਾ, ਪਰ ਸਿੱਧੂ ਨੇ ਕਿਹਾ ਕਿ ਉਹ ਤਾਂ ਵਚਨ ਦੇ ਚੁੱਕੈ। ਇੱਕ ਚੈਨਲ ਨਾਲ ਇੰਟਰਵਿਊ ਵਿੱਚ ਸਿੱਧੂ ਨੇ ਕਿਹਾ, ”ਪ੍ਰਾਣ ਜਾਏ ਪਰ ਵਚਨ ਨਾ ਜਾਏ।” ਇਹ ਮਤਭੇਦ ਇੰਨੇ ਤਿੱਖੇ ਹੋ ਗਏ ਕਿ ਕਾਂਗਰਸ ਦੀ ਇੱਕ ਚੋਣ ਮੁਹਿੰਮ ਦੌਰਾਨ ਸਿੱਧੂ ਨੇ ਇੱਕ ਪ੍ਰੈੱਸ ਕਾਨਫ਼ਰੈਂਸ ਵਿੱਚ ਕੈਪਟਨ ਦਾ ਮਜ਼ਾਕ ਵੀ ਉਡਾਇਆ। ਉਂਝ ਉਸ ਨੇ ਇਹ ਵੀ ਕਿਹਾ ਕਿ ਕੈਪਟਨ ਉਸ ਦੇ ਪਿਤਾ ਸਮਾਨ ਹਨ, ਪਰ ਨਾਲ ਦੀ ਨਾਲ ਇਹ ਵੀ ਕਹਿ ਗਿਆ ਕਿ ਉਸ ਦਾ ਅਸਲੀ ਕੈਪਟਨ ਤਾਂ ਰਾਹੁਲ ਗਾਂਧੀ ਹੀ ਹੈ। ਇਸ ਟਿੱਪਣੀ ਕਾਰਨ ਪੰਜਾਬ ਕਾਂਗਰਸ ਵਿੱਚ ਇੱਕ ਤਰ੍ਹਾਂ ਨਾਲ ਜਿਵੇਂ ਤੂਫ਼ਾਨ ਹੀ ਖੜ੍ਹਾ ਹੋ ਗਿਆ। ਕਈ ਮੰਤਰੀਆਂ ਨੇ ਤਾਂ ਸਿੱਧੂ ਤੋਂ ਅਸਤੀਫ਼ੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਦਲੀਲ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ ਕਪਤਾਨ ਤਾਂ ਕੇਵਲ ਕੈਪਟਨ ਅਮਰਿੰਦਰ ਸਿੰਘ ਹੀ ਹਨ, ਅਤੇ ਜੇਕਰ ਸਿੱਧੂ ਨੂੰ ਉਨ੍ਹਾਂ ਦੀ ਕਪਤਾਨੀ ਮਨਜ਼ੂਰ ਨਹੀਂ ਤਾਂ ਉਸ ਨੂੰ ਨੈਤਿਕ ਦੇ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਬੇਸ਼ੱਕ ਸਿੱਧੂ ਦੇ ਸਪਸ਼ਟੀਕਰਣ ਦੇਣ ਤੋਂ ਬਾਅਦ ਇਹ ਟਕਰਾਅ ਹਾਲ ਦੀ ਘੜੀ ਟਲ ਗਿਆ ਹੈ, ਪਰ ਇਹ ਇੱਕ ਹਕੀਕਤ ਹੈ ਕਿ ਕੈਪਟਨ ਅਤੇ ਸਿੱਧੂ ਵਿਚਾਲੇ ਸਭ ਕੁਝ ਠੀਕ ਨਹੀਂ।
ਅਸਲ ਵਿੱਚ ਸਿੱਧੂ ਦਾ ਮਤਭੇਦਾਂ ਨਾਲ ਅੱਜ ਦਾ ਨਹੀਂ ਬਹੁਤ ਪੁਰਾਣਾ ਰਿਸ਼ਤਾ ਹੈ। ਸਿੱਧੂ ਜਦੋਂ ਕ੍ਰਿਕਟ ਖੇਡਦਾ ਹੁੰਦਾ ਸੀ ਤਾਂ ਵੀ ਉਸ ਦੇ ਮੈਨੇਜਮੈਂਟ ਨਾਲ ਮਤਭੇਦ ਰਹਿੰਦੇ ਸਨ। ਜਦੋਂ ਮੁਹੰਮਦ ਅਜ਼ਹਰੂਦੀਨ ਟੀਮ ਦਾ ਕੈਪਟਨ ਸੀ ਤਾਂ ਉਸ ਨਾਲ ਵੀ ਸਿੱਧੂ ਦੇ ਮਤਭੇਦ ਰਹੇ ਅਤੇ ਇੰਗਲੈਂਡ ਦਾ ਦੌਰਾ ਉਹ ਵਿੱਚ ਹੀ ਛੱਡ ਕੇ ਆ ਗਿਆ ਸੀ। ਬਾਅਦ ਵਿੱਚ ਇਨ੍ਹਾਂ ਮਤਭੇਦਾਂ ਦੇ ਚਲਦਿਆਂ ਸਿੱਧੂ ਨੇ ਕ੍ਰਿਕਟ ਜਗਤ ਤੋਂ ਹੀ ਸੰਨਿਆਸ ਲੈ ਲਿਆ ਸੀ। ਉਸ ਤੋਂ ਬਾਅਦ ਸਿੱਧੂ ਭਾਜਪਾ ਵਿੱਚ ਸ਼ਾਮਿਲ ਹੋ ਗਿਆ। ਉਸ ਦੇ ਹੌਲੀ-ਹੌਲੀ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਮਤਭੇਦ ਪੈਦਾ ਹੋ ਗਏ ਜੋ ਬਾਅਦ ਵਿੱਚ ਵਧਦੇ-ਵਧਦੇ ਭਾਜਪਾ ਨਾਲ ਮਨ ਮੁਟਾਵ ਦਾ ਕਾਰਨ ਬਣ ਗਏ। ਇਸ ਦਾ ਸਿੱਟਾ ਇਹ ਹੋਇਆ ਕਿ ਉਸ ਨੂੰ ਭਾਜਪਾ ਹੀ ਛੱਡਣੀ ਪਈ। ਫ਼ਿਰ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਡੰਕਾ ਬੋਲ ਰਿਹਾ ਸੀ ਅਤੇ ਉਹ ਆਪ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਉਸ ਪਾਰਟੀ ਨਾਲ ਵੀ ਛੇਤੀ ਹੀ ਉਸ ਦੇ ਮਤਭੇਦ ਪੈਦਾ ਹੋ ਗਏ। ਆਪ ਨੇ ਵੀ ਆਪਣੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ। ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਸ ਪਾਰਟੀ ਦੀ ਟਿੱਕਟ ‘ਤੇ ਉਹ ਵਿਧਾਇਕ ਬਣਿਆ ਅਤੇ ਉਸ ਨੂੰ ਮੰਤਰੀ ਮੰਡਲ ਵਿੱਚ ਰਸੂਖ਼ਦਾਰ ਮੰਤਰਾਲਾ ਵੀ ਦੇ ਦਿੱਤਾ ਗਿਆ। ਕਈ ਮੁੱਦਿਆਂ ਉੱਤੇ ਸਿੱਧੂ ਦਾ ਪੰਜਾਬ ਕਾਂਗਰਸ ਨਾਲ ਇਖ਼ਤਲਾਫ਼ ਤਾਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਸ ਦੇ ਡੂੰਘੇ ਮਤਭੇਦ ਪੈਦਾ ਹੋ ਗਏ ਹਨ ਅਤੇ ਖੁਲ੍ਹ ਕੇ ਸਾਹਮਣੇ ਵੀ ਆ ਰਹੇ ਹਨ।
ਵੈਸੇ ਤਾਂ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵਧੀਆ ਬੁਲਾਰਾ ਮੰਨਿਆ ਜਾਂਦਾ ਹੈ, ਪਰ ਕਹਿਣ ਵਾਲਿਆਂ ਦਾ ਕਹਿਣਾ ਹੈ ਕਿ ਅਕਸਰ ਉਹ ਜ਼ਿਆਦਾ ਵੀ ਬੋਲ ਜਾਂਦਾ ਹੈ। ਵਿਵਾਦਗ੍ਰਸਤ ਪਖੰਡੀਆਂ ਜਿਵੇਂ ਕਿ ਆਸਾ ਰਾਮ, ਰਾਧੇ ਮਾਂ ਜਾਂ ਰਾਮ ਰਹੀਮ ਆਦਿ ਦੀ ਵਡਿਆਈ ਵਿੱਚ ਸਿੱਧੂ ਨੇ ਬਹੁਤ ਜ਼ਿਆਦਾ ਸੋਹਲੇ ਵੀ ਗਾਏ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਜੇਲ੍ਹਾਂ ਹੋਈਆਂ ਤਾਂ ਕਹਿਣ ਲਈ ਉਸ ਨੂੰ ਲਫ਼ਜ਼ ਹੀ ਨਹੀਂ ਸਨ ਅਹੁੜੇ। ਇਸੇ ਪ੍ਰਕਾਰ ਜਦੋਂ ਉਹ ਭਾਜਪਾ ਦਾ ਸਿਪਾਹਸਿਲਾਰ ਸੀ ਤਾਂ ਉਸ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਦਬ ਕੇ ਮਜ਼ਾਕ ਉਡਾਇਆ। ਉਸ ਨੇ ਕਿਹਾ ਕਿ ਮਨਮੋਹਨ ਸਿੰਘ ਤਾਂ ਉਸ ਨੂੰ ਅਸਲੀ ਸਰਦਾਰ ਹੀ ਨਹੀਂ ਲੱਗਦਾ ਅਤੇ ਜੇ ਉਹ ਸਰਦਾਰ ਹੈ ਵੀ ਤਾਂ ਅਸਰਦਾਰ ਨਹੀਂ। ਇਸੇ ਪ੍ਰਕਾਰ ਉਸ ਨੇ ਰਾਹੁਲ ਗਾਂਧੀ ਦਾ ਵੀ ਖ਼ੂਬ ਮਜ਼ਾਕ ਉਡਾਇਆ ਸੀ। ਹੁਣ ਜਦੋਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਹੈ ਤਾਂ ਉਸ ਨੇ ਸ਼ਬਦਾਂ ਦਾ ਇੱਕ ਨਵਾਂ ਜਾਲ ਬੁਣ ਕੇ ਰਾਹੁਲ ਅਤੇ ਮਨਮੋਹਨ ਸਿੰਘ ਦਾ ਸਿਆਸੀ ਤੌਰ ‘ਤੇ ਮਨ ਮੋਹ ਲਿਆ ਹੈ। ਅਸਲ ਵਿੱਚ ਕਾਂਗਰਸੀ ਲੀਡਰਾਂ ਨੂੰ ਇਹ ਬਾਖ਼ੂਬੀ ਪਤਾ ਹੈ ਕਿ ਭਾਜਪਾ ‘ਚ ਹੁੰਦਿਆਂ ਉਸ ਨੇ ਜੋ ਕੁਝ ਵੀ ਕਿਹਾ ਸੀ, ਉਹ ਵਿਰੋਧੀ ਲੀਡਰ ਲਈ ਕਹਿਣਾ ਹੀ ਪੈਂਦਾ ਹੈ, ਪਰ ਅੱਜ ਕਾਂਗਰਸ ਪਾਰਟੀ ਲਈ ਸਿੱਧੂ ਤਰੁੱਪ ਦਾ ਉਹ ਪੱਤਾ ਹੈ ਜਿਸ ਨੂੰ ਸਭ ਕੁਝ ਮੁਆਫ਼ ਹੈ।
ਨਵਜੋਤ ਸਿੰਘ ਸਿੱਧੂ ਵਿੱਚ ਬਹੁਤ ਸਾਰੇ ਗੁਣ ਹਨ। ਜਦੋਂ ਉਹ ਕ੍ਰਿਕਟ ਖੇਡਦਾ ਹੁੰਦਾ ਸੀ ਤਾਂ ਲੋਕ ਉਸ ਦੀ ਬੈਟਿੰਗ ਦੀ ਉਡੀਕ ਕਰਦੇ ਸਨ। ਬਹੁਤ ਸਾਰੇ ਲੋਕ ਉਸ ਦੇ ਪ੍ਰਸ਼ੰਸਕ ਸਨ। ਜਦੋਂ ਸਿੱਧੂ ਨੇ ਟੈਲੀਵਿਯਨ ‘ਤੇ ਕੌਮੈਂਟਰੀ ਕਰਨੀ ਸ਼ੁਰੂ ਕੀਤੀ ਤਾਂ ਉਥੇ ਵੀ ਉਸ ਨੇ ਫ਼ੱਟੇ ਚੁੱਕ ਦਿੱਤੇ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਪੂਰੀ ਮੁਹਾਰਤ ਹਾਸਿਲ ਹੈ ਸਿੱਧੂ ਨੂੰ। ਸਿਰਫ਼ ਭਾਸ਼ਾ ਹੀ ਨਹੀਂ, ਸ਼ੇਅਰੋ-ਸ਼ਾਇਰੀ ਤੇ ਕਵੀਤਾਵਾਂ ਵੀ ਕੰਠਅਸਤ ਹਨ ਉਸ ਨੂੰ, ਅਤੇ ਲਫ਼ਜ਼ਾਂ ਨਾਲ ਖੇਡਣਾ ਵੀ ਉਹ ਖ਼ੂਬ ਜਾਣਦੈ। ਪਰ ਇੱਥੇ ਇਹ ਕਹਿਣ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਸ ਦੇ ਕੁਝ ਕਾਰਜਾਂ ਵਿੱਚ ਕਈ ਵਾਰ ਪਾਖੰਡ ਝਲਕਦਾ ਹੈ ਅਤੇ ਆਪਣੇ ਆਪ ਵਿੱਚ ਉਸ ਦਾ ਲੋੜੌਂ ਵੱਧ ਆਤਮਵਿਸ਼ਵਾਸ ਵੀ। ਸਿੱਧੂ ਸਮਝਦੈ ਕਿ ਜਦੋਂ ਉਹ ਅਜਿਹਾ ਕਰਦਾ ਹੈ ਤਾਂ ਲੋਕਾਂ ਨੂੰ ਕੁਝ ਸਮਝ ਨਹੀਂ ਆਉਂਦਾ, ਪਰ ਉਸ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਉਸ ਵਿੱਚ ਅਨੇਕਾਂ ਗੁਣ ਹਨ ਤਾਂ ਲੋਕਾਂ ਵਿੱਚ ਘੱਟੋਘੱਟ ਸੁਣਨ ਅਤੇ ਸਮਝਣ ਦੇ ਦੋ ਗੁਣ ਤਾਂ ਹੋ ਹੀ ਸਕਦੇ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ ਉੱਤੇ ਜਦੋਂ ਉਸ ਦੀ ਜੈ-ਜੈਕਾਰ ਹੋ ਰਹੀ ਸੀ ਤਾਂ ਉਸ ਨੇ ਆਪਣੀ ਹੀ ਪਾਰਟੀ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਰੁੱਧ ਕਰ ਲਿਆ ਅਤੇ ਆਪਣੇ ਸਿਆਸੀ ਵਿਰੋਧੀਆਂ ਦੇ ਹੱਥਾ ਵਿੱਚ ਹਥਿਆਰ ਫ਼ੜਾ ਦਿੱਤਾ ਸੀ। ਹੋ ਸਕਦਾ ਹੈ ਕਿ ਸਮੇਂ ਦੇ ਗੁਜ਼ਰਨ ਨਾਲ ਸਿੱਧੂ ਇਸ ਨੁਕਸਾਨ ਵਿੱਚੋਂ ਉਭਰ ਆਵੇ, ਪਰ ਇਹ ਵੀ ਇੱਕ ਸੱਚਾਈ ਹੈ ਕਿ ਜੇਕਰ ਵਧੀਆ ਦਲੀਲਾਂ ਸਿੱਧੂ ਦਾ ਹਥਿਆਰ ਹਨ ਤਾਂ ਲੋੜੋਂ ਵੱਧ ਬੋਲਣਾ ਉਸ ਦੀਆਂ ਦਲੀਲਾਂ ਦਾ ਥੋਥਾਪਨ ਹੈ।