ਨਵੀਂ ਦਿੱਲੀ – ਕ੍ਰਿਕਟ ਦਾ ਇਤਿਹਾਸ ‘ਚ ਅਜਿਹੇ ਕਈ ਖਿਡਾਰੀ ਹਨ ਜਿਨ੍ਹਾਂ ਨੇ ਕ੍ਰਿਕਟ ਛੱਡਣ ਦੇ ਕਈ ਸਾਲਾਂ ਬਾਅਦ ਮੈਦਾਨ ‘ਚ ਵਾਪਸੀ ਕੀਤੀ ਹੈ ਅਜਿਹੇ ਹੀ ਇੱਕ ਖਿਡਾਰੀ ਹਨ ਜ਼ਿੰਮਬਾਵੇ ਦੇ ਸਾਬਕਾ ਕਪਤਾਨ ਤਾਤੇਂਦਾ ਤਾਇਬੂ ਜਿਨ੍ਹਾਂ ਨੇ ਇੱਕ ਅਜਿਹੀ ਵਜ੍ਹਾ ਨਾਲ ਮੈਦਾਨ ‘ਚ ਵਾਪਸੀ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਥੋੜ੍ਹੀ ਅਲੱਗ ਹੈ। ਦਰਅਸਲ ਤਾਇਬੂ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਲਈ ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਕਰ ਰਿਹਾ ਹੈ। ਜ਼ਿੰਮਬਾਵੇ ਦੇ ਸਾਬਕਾ ਕਪਤਾਨ ਅਤੇ ਚੋਣਕਾਰਾਂ ਦੇ ਸਾਬਕਾ ਸੰਯੋਜਕ ਰਹੇ ਤਾਇਬੂ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਛੇ ਸਾਲ ਬਾਅਦ ਕ੍ਰਿਕਟ ‘ਚ ਵਾਪਸੀ ਕਰੇਗਾ ਤਾਂ ਜ਼ਰੂਰ ਪਰ ਜ਼ਿੰਮਬਾਵੇ ਨਹੀਂ ਬਲਕਿ ਸ਼੍ਰੀਲੰਕਾ ‘ਚ। ਉਹ ਸ਼੍ਰੀਲੰਕਾ ਦੀ ਘਰੇਲੂ ਕ੍ਰਿਕਟ ਟੀਮ ਬਾਦੁਰਾਲੀਆ ਸੀਸੀ ਲਈ ਮੈਚ ਖੇਡੇਗਾ।

ESPN Cricinfo ਦੀ ਇੱਕ ਖ਼ਬਰ ਮੁਤਾਬਿਕ ਤਾਇਬੂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੇਟੇ ਤਾਤੇਂਦਾ ਜੂਨੀਅਰ ਲਈ ਮੈਦਾਨ ‘ਤੇ ਵਾਪਸੀ ਕਰ ਰਿਹਾ ਹੈ। ਟੈੱਸਟ ‘ਚ ਸਭ ਤੋਂ ਘੱਟ ਉਮਰ ‘ਚ ਕਪਤਾਨੀ ਕਰਨ ਵਾਲੇ ਤਾਇਬੂ ਨੇ ਆਪਣੇ 11 ਸਾਲ ਦੇ ਕਰੀਅਰ ‘ਚ 28 ਟੈੱਸਟ ਅਤੇ 150 ਵਨ ਡੇ ਮੈਚ ਖੇਡੇ ਹਨ। ਉਸ ਨੇ 2012 ‘ਚ 29 ਸਾਲ ਦੀ ਉਮਰ ‘ਚ ਚਰਚ ਅਤੇ ਕੰਮ ‘ਤੇ ਧਿਆਨ ਦੇਣ ਲਈ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।
ਤਾਇਬੂ ਨੇ ਕਿਹਾ, ”ਮੇਰਾ ਬੇਟਾ ਤਾਤੇਂਦਾ ਜੂਨੀਅਰ ਹਮੇਸ਼ਾ ਮੇਰੇ ਤੋਂ ਪੁੱਛਦਾ ਹੈ ਕਿ ਮੈਂ ਕਿਵੇਂ ਕ੍ਰਿਕਟ ਖੇਡਦਾ ਹਾਂ, ਹੁਣ ਉਹ ਕ੍ਰਿਕਟ ‘ਚ ਦਿਲਚਸਪੀ ਲੈ ਰਿਹਾ ਹੈ। ਜਦੋਂ ਮੈਂ ਖੇਡਦਾ ਸੀ ਓਦੋਂ ਉਹ ਬਹੁਤ ਛੋਟਾ ਸੀ, ਅਤੇ ਉਸ ਨੂੰ ਮੇਰੀ ਖੇਡ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਪੂਰੀ ਤਰ੍ਹਾਂ ਨਾਲ ਫ਼ਿੱਟ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਵੀ ਸਭ ਤੋਂ ਫ਼ਿਟ ਕ੍ਰਿਕਟਰਾਂ ‘ਚੋਂ ਇੱਕ ਹਾਂ ਅਤੇ ਮੈਂ ਆਪਣੇ ਬੇਟੇ ਨੂੰ ਦਿਖਾਵਾਂਗਾ ਕਿ ਮੈਂ ਕਿਵੇ ਕ੍ਰਿਕਟ ਖੇਡਦਾ ਹਾਂ।”