ਲੈਂਡ ਡੀਲ ਮਾਮਲੇ ‘ਚ ਰਾਬਰਟ ਵਾਡਰਾ ਨੂੰ ਈਡੀ ਨੇ ਭੇਜਿਆ ਸੀ ਸੰਮਣ

ਵਾਡਰਾ ਨਹੀਂ ਹੋਏ ਹਾਜ਼ਰ, ਇਨਕਮ ਟੈਕਸ ਵਿਭਾਗ ‘ਤੇ ਵੀ ਕੱਸਿਆ ਸ਼ਿਕੰਜਾ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਇਕ ਵਾਰ ਵਧਦੀਆਂ ਦਿਸ ਰਹੀਆਂ ਹਨ। ਈ.ਡੀ. ਨੇ ਰਾਬਰਟ ਵਾਡਰਾ ਨੂੰ ਲੈਂਡ ਡੀਲ ਮਾਮਲੇ ਵਿਚ ਸੰਮਣ ਭੇਜਿਆ ਸੀ, ਪਰ ਵਾਡਰਾ ਹਾਜ਼ਰ ਨਹੀਂ ਹੋਏ। ਇਸ ਤਰ੍ਹਾਂ ਰਾਜਸਥਾਨ ਚੋਣਾਂ ਤੋਂ ਪਹਿਲਾਂ ਵਾਡਰਾ ਦੇ ਜ਼ਮੀਨ ਸੌਦੇ ‘ਤੇ ਸਿਆਸੀ ਤੂਫਾਨ ਖੜ੍ਹਾ ਹੋ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਵਾਡਰਾ ਨੂੰ 13 ਨਵੰਬਰ ਨੂੰ ਸੰਮਣ ਭੇਜਿਆ ਸੀ ਅਤੇ 26 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਏ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵਾਡਰਾ ਦੀ ਜ਼ਮੀਨ ਖਰੀਦਣ ਲਈ ਕਰਜ਼ਾ ਦੇਣ ਵਾਲੀ ਕੰਪਨੀ ਨੂੰ ਟੈਕਸ ਪੈਨਲ ਤੋਂ ਵੱਡੀ ਪੱਧਰ ‘ਤੇ ਛੋਟ ਮਿਲੀ ਸੀ। ਹੁਣ ਈਡੀ ਨੇ ਇਨਕਮ ਟੈਕਸ ਵਿਭਾਗ ‘ਤੇ ਵੀ ਸ਼ਿਕੰਜਾ ਕਸਿਆ ਹੈ। ਧਿਆਨ ਰਹੇ ਕਿ ਈਡੀ ਜਿਸ ਵਿਵਾਦਤ ਜ਼ਮੀਨ ਦੇ ਸੌਦੇ ਦੀ ਜਾਂਚ ਕਰ ਰਿਹਾ ਹੈ ਉਸ ਵਿਚ ਵਾਡਰਾ ਦੀ ਸੰਪਤੀ ਵੀ ਸ਼ਾਮਲ ਹੈ। ਦੂਜੇ ਪਾਸੇ ਵਾਡਰਾ ਨੇ ਸਫਾਈ ਦਿੰਦਿਆਂ ਕਿਹਾ ਕਿ ਰਾਜਸਥਾਨ ਵਿਚ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਾਰ ਦੇ ਡਰੋਂ ਅਜਿਹੇ ਮੁੱਦੇ ਬਣਾ ਰਹੀ ਹੈ।