ਨਵੀਂ ਦਿੱਲੀ – ਟੀਮ ਇੰਡੀਆ ਦੇ ਬੱਲੇਬਾਜ਼ ਸੁਰੇਸ਼ ਰੈਨਾ ਇਸ ਹਫ਼ਤੇ ਆਪਣਾ 32ਵਾਂ ਜਨਮਦਿਨ ਮਨ੍ਹਾ ਰਿਹਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਇਸ ਖਿਡਾਰੀ ਨੇ ਬੱਲੇ ਨਾਲ ਭਾਰਤੀ ਫ਼ੈਨਜ਼ ਦਾ ਮਨੋਰੰਜਨ ਕੀਤਾ ਹੈ। ਰੈਨਾ ਆਪਣੀ ਫ਼ੀਲਡਿੰਗ ਲਈ ਵੀ ਜਾਣਿਆ ਜਾਂਦਾ ਹੈ। ਉਸ ਨੂੰ ਭਾਰਤ ਦੇ ਸਭ ਤੋਂ ਵਧੀਆ ਫ਼ੀਲਡਰਜ਼ ‘ਚੋਂ ਇੱਕ ਮੰਨਿਆ ਜਾਂਦਾ ਹੈ। ਸੁਰੇਸ਼ ਰੈਨਾ ਦਾ ਮੈਦਾਨ ‘ਤੇ ਜਸ਼ਨ ਮਨਾਉਣ ਦਾ ਅੰਦਾਜ਼ ਵੀ ਅਨੌਖਾ ਹੈ। ਉਹ ਵਿਕਟ ਲੈਣ ਵਾਲੇ ਗੇਂਦਬਾਜ਼ ਨੂੰ ਚੁੱਕ ਲੈਂਦਾ ਹੈ ਅਤੇ ਉਨ੍ਹਾਂ ਦੇ ਵਾਲਾਂ ‘ਚ ਹੱਥ ਫ਼ੇਰਦਾ ਹੈ। ਹਾਲਾਂਕਿ ਸੁਰੇਸ਼ ਰੈਨਾ ਦੀ ਇਸ ਆਦਤ ਨੇ ਇੱਕ ਵਾਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਡਗ ਬਾਲਿੰਜਰ ਨੂੰ ਮੁਸ਼ਕਿਲ ‘ਚ ਪਾ ਦਿੱਤਾ ਸੀ।
ਆਈ.ਪੀ.ਐੱਲ. 2010 ਦੌਰਾਨ ਸੁਰੇਸ਼ ਰੈਨਾ ਨੇ ਚੇਨਈ ਸੁਪਰਕਿੰਗਜ਼ ਲਈ ਖੇਡ ਰਹੇ ਡੱਗ ਬਾਲਿੰਜਰ ਦੀ ਵਿੱਗ (ਨਕਲੀ ਵਾਲ) ਹੀ ਉਤਾਰ ਦਿੱਤੀ। ਇਹ ਪੂਰੀ ਘਟਨਾ ਮੈਦਾਨ ‘ਚ ਹੋਈ ਸੀ. ਦਰਅਸਲ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਦੌਰਾਨ ਬਾਲਿੰਜਰ ਨੇ ਸੌਰਭ ਗਾਂਗੁਲੀ ਨੂੰ ਐੱਲ.ਬੀ.ਡਬਲਯੂ ਆਊਟ ਕੀਤਾ। ਸੁਰੇਸ਼ ਰੈਨਾ ਭੱਜਦਾ ਹੋਇਅ ਬਾਲਿੰਜਰ ਕੋਲ ਗਿਆ, ਅਤੇ ਉਨ੍ਹਾਂ ਦੇ ਵਾਲਾਂ ਨੂੰ ਖਿੱਚਣ ਲੱਗਾ। ਰੈਨਾ ਨੇ ਜਿਵੇਂ ਹੀ ਬਾਲਿੰਜਰ ਦੇ ਵਾਲ ਖਿੱਚਣੇ ਸ਼ੁਰੂ ਕੀਤੇ ਤਾਂ ਉਸ ਦੀ ਵਿੱਗ ਅਗਿਓਂ ਉਖੜ ਗਈ। ਰੈਨਾ ਨੂੰ ਪਤਾ ਨਹੀਂ ਸੀ ਕਿ ਬਾਲਿੰਜਰ ਵਿੱਗ ਲਗਾਉਦਾ ਹੈ। ਖ਼ੁਦ ਸੁਰੇਸ਼ ਰੈਨਾ ਨੇ ਇੱਕ ਇੰਟਰਵਿਊ ‘ਚ ਇਸ ਗੱਲ ਦਾ ਖ਼ੁਲਾਸਾ ਕੀਤਾ।