ਦਰਸ਼ਨ ਸਿੰਘ ਦਰਸ਼ਕ
ਮੋਬਾ. 9855508918
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਭਾਵੇਂ ਭਾਰਤ ਅਤੇ ਪਾਕਿਸਤਾਨ ਦੋਹੇਂ ਮੁਲਕ ਕਸ਼ੀਦਗੀ ਭੁਲਾਉਣ ਲਈ ਰਾਜ਼ੀ ਹੋ ਗਏ ਹਨ, ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ, ਜੋ ਕਿ ਪ੍ਰਚਾਰ ਤਾਂ ਇਹ ਕਰਦੀਆਂ ਰਹੀਆਂ ਕਿ ਇਸ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ, ਸਿਆਸਤ ਦੀ ਖਾਤਰ ਆਪਣੀ ਕਹਿਣੀ ਅਤੇ ਕਰਨੀ ਤੋਂ ਬਿਲਕੁਲ ਉਲਟ ਦਿਸੀਆਂ ਅਤੇ ਇਹੀ ਪ੍ਰਭਾਵ ਦਿੱਤਾ ਕਿ ਉਹ ਸੰਵੇਦਨਸ਼ੀਲ ਮੁੱਦਿਆਂ ਉੱਤੇ ਵੀ ਪੂਰੀ ਤਰ੍ਹਾਂ ਅਸਹਿਣਸ਼ੀਲ ਹਨ।
ਸਿੱਖ ਪਿਛਲੇ 70 ਵਰ੍ਹਿਆਂ ਤੋਂ ਰੋਜ਼ਾਨਾ ਅਰਦਾਸ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣ ਜਿਨ੍ਹਾਂ ਤੋਂ ਉਨ੍ਹਾਂ ਨੂੰ ਵਿਛੋੜਿਆ ਗਿਆ ਹੈ, ਅਤੇ ਅੱਜ ਜਦੋਂ ਉਹ ਅਰਦਾਸ ਪਰਵਾਨ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਉਸ ਲਈ ਰੱਖੇ ਗਏ ਸ਼ੁਕਰਾਨਾ ਸਮਾਗਮ ਵਿੱਚ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੇ ਆਪਣੀ ਸੰਕੀਰਣਤਾ ਦਾ ਦਬ ਕੇ ਮੁਜ਼ਾਹਰਾ ਕੀਤਾ। ਸਮਾਰੋਹ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਰੱਖਿਆ ਗਿਆ ਸੀ ਜਿਸ ਵਿੱਚ ਮੁੱਖ ਮਹਿਮਾਨ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਸਨ ਅਤੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਆਦਿ ਮੌਜੂਦ ਸਨ।
ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਲੀਡਰ ਉਥੇ ਮੌਜੂਦ ਜ਼ਰੂਰ ਸਨ, ਪਰ ਉਨ੍ਹਾਂ ਵਿਚਾਲੇ ਟਕਰਾਓ ਦੀ ਭਾਵਨਾ ਸਾਫ਼ ਨਜ਼ਰ ਆ ਰਹੀ ਸੀ। ਇਸ ਦੀ ਸ਼ੁਰੂਆਤ ਤਾਂ ਓਦੋਂ ਹੀ ਹੋ ਗਈ ਸੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਰਸਿਮਰਤ ਕੌਰ ਬਾਦਲ ਦੇ ਸਮਾਗਮ ਵਿੱਚ ਆਉਣ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ, ਪਰ ਸਵੇਰੇ ਜਦੋਂ ਨੀਂਹ ਪੱਥਰ ਰੱਖਿਆ ਜਾਣਾ ਸੀ ਤਾਂ ਕਸ਼ੀਦਗੀ ਦਾ ਨੀਂਹ ਪੱਥਰ ਸੁਖਜਿੰਦਰ ਸਿੰਘ ਰੰਧਾਵਾ ਨੇ ਓਦੋਂ ਰੱਖ ਦਿੱਤਾ ਜਦੋਂ ਉਨ੍ਹਾਂ ਨੇ ਨੀਂਹ ਪੱਥਰ ਉੱਤੇ ਉਕੇਰੇ ਹੋਏ ਕਾਂਰਗਸੀਆਂ ਦੇ ਨਾਵਾਂ ਉੱਤੇ ਕਾਲੀ ਟੇਪ ਚਿਪਕਾ ਦਿੱਤੀ ਕਿਉਂਕਿ ਕਾਂਗਰਸੀ ਆਪਣਾ ਨਾਮ ਅਕਾਲੀ ਲੀਡਰਾਂ ਨਾਲ ਬਰਦਾਸ਼ਤ ਨਹੀਂ ਕਰ ਸਕਦੇ।
ਇਸ ਪ੍ਰਕਾਰ ਪਾਰਾ ਲਗਾਤਾਰ ਚੜ੍ਹਦਾ ਗਿਆ ਅਤੇ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਭਾਸ਼ਨ ਦੀ ਸ਼ੁਰੂਆਤ ਤੋਂ ਹੀ ਪਤਾ ਲੱਗ ਗਿਆ ਸੀ ਕਿ ਬੋਲ ਕਿਸ ਦੀ ਦਿਸ਼ਾ ਵੱਲ ਜਾਣਗੇ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਹੀ ਢੰਗ ਨਾਲ ਸੰਬੋਧਨ ਨਹੀਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਲਾਂਘੇ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤਾ ਅਤੇ ਅਜਿਹੇ ਕਈ ਮੁੱਦੇ ਛੇੜ ਦਿੱਤੇ ਜਿਨ੍ਹਾਂ ਦਾ ਕੋਈ ਸੰਦਰਭ ਹੀ ਨਹੀਂ ਸੀ। ਉਨ੍ਹਾਂ GST ਅਤੇ 1984 ਦੇ ਕਤਲੇਆਮ ਦਾ ਜ਼ਿਕਰ ਕੀਤਾ।
ਭਾਵੇਂ ਕਿ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਿੱਖਾਂ ਵਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਉਹ ਸਟੇਜ ਜਿਸ ਵਿੱਚ ਕਾਂਗਰਸੀਆਂ ਦੀ ਭਰਵੀਂ ਹਾਜ਼ਰੀ ਹੋਵੇ, ਕਾਂਗਰਸ ਪ੍ਰਧਾਨ ਬੈਠਿਆ ਹੋਵੇ ਅਤੇ ਮੁੱਖ ਮੰਤਰੀ ਵੀ ਕਾਂਗਰਸੀ ਹੋਵੇ, ਉਹ ਹਰਸਿਮਰਤ ਕੌਰ ਬਾਦਲ ਦਾ ਇਹ ਕਹਿਣਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ 84 ਕਤਲੇਆਮ ਦੇ ਦੋਸ਼ੀ ਮਗਰਮੱਛਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ। ਹਰਸਿਮਰਤ ਕੌਰ ਬਾਦਲ ਦੇ ਭਾਸ਼ਨ ਦੌਰਾਨ ਕਾਂਗਰਸੀਆਂ ਨੇ ਹੂਟਿੰਗ ਵੀ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵੀ ਹਰਸਿਮਰਤ ਕੌਰ ਬਾਦਲ ਦਾ ਨਾਮ ਲੈਣਾ ਉਚਿਤ ਨਹੀਂ ਸਮਝਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਈਵਾਲ ਪਾਰਟੀ ਦੇ ਪ੍ਰਧਾਨ ਵਜੋਂ ਤਾਂ ਸਟੇਜ ਉੱਤੇ ਬੈਠ ਗਏ, ਪਰ ਉਨ੍ਹਾਂ ਦਾ ਨਾਮ ਵੀ ਕਿਸੇ ਨੇ ਨਹੀਂ ਲਿਆ। ਉਹ ਸਿਰਫ਼ ਸਟੇਜ ਉੱਤੇ ਬੈਠੇ ਹੀ ਦਿਖਾਈ ਦਿੱਤੇ, ਪਰ ਕਿਸੇ ਰਸਮ ਵਿੱਚ ਆਉਣ ਲਈ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਬਾਦਲ ਨੂੰ ਵੀ ਮਹਿਸੂਸ ਹੋਇਆ ਹੋਵੇਗਾ ਕਿ ਇਸ ਪੰਜਾਬ ਸਰਕਾਰ ਦੀ ਸਟੇਜ ਉੱਤੇ ਬਿਨਾਂ ਸੱਦੇ ਤੋਂ ਆਉਣ ਨੇ ਉਨ੍ਹਾਂ ਦੇ ਕੱਦ ਨੂੰ ਢਾਹ ਲਗਾਈ ਹੈ।
ਸਮਾਗਮ ਦੇ ਅੰਤ ਵਿੱਚ ਜਦੋਂ ਧੰਨਵਾਦ ਕੀਤਾ ਜਾਣਾ ਸੀ ਤਾਂ ਸੁਨੀਲ ਜਾਖੜ ਨੇ ਕਾਂਗਰਸੀਆਂ ਦੇ ਗੁੱਸੇ ਨੂੰ ਸ਼ਾਂਤ ਕਰਨਾ ਚਾਹਿਆ ਅਤੇ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ, ਜੋ ਕਿ ਪੂਰੇ ਸਮਾਗਮ ਵਿੱਚ ਪੂਰੇ ਗੁੱਸੇ ਵਿੱਚ ਨਜ਼ਰ ਆ ਰਹੇ ਸਨ, ਨੂੰ ਸੰਬੋਧਨ ਕਰਦਿਆਂ ਹੋਰ ਗੱਲਾਂ ਤੋਂ ਇਲਾਵਾ ਇਹ ਕਿਹਾ ਕਿ ਉਨ੍ਹਾਂ ਮਗਰਮੱਛਾਂ ਨੂੰ ਡੱਕਾਂਗੇ ਜਿਨ੍ਹਾਂ ਨੇ ਪੰਜਾਬ ਅੰਦਰ ਨਸ਼ਿਆਂ ਦਾ ਵਪਾਰ ਕੀਤਾ। ਇੰਨਾ ਕਹਿਣ ਦੀ ਦੇਰ ਸੀ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਾਖੜ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬਿਕਰਮ ਮਜੀਠੀਆ ਕਾਫ਼ੀ ਦੇਰ ਤਕ ਨਾਅਰੇਬਾਜ਼ੀ ਕਰਦੇ ਰਹੇ ਅਤੇ ਆਪਣੀ ਹਾਜ਼ਰੀ ਦਾ ਅਹਿਸਾਸ ਮੀਡੀਆ ਨੂੰ ਕਰਵਾਉਂਦੇ ਰਹੇ।
ਉਂਝ ਉੱਪ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਇਸ ਸਮਾਗਮ ਨੂੰ ਸਫ਼ਲ ਬਣਾ ਦਿੱਤਾ ਪਰ ਜਿਸ ਪ੍ਰਕਾਰ ਕਾਂਗਰਸ ਅਤੇ ਅਕਾਲੀ ਆਗੂ ਆਪਸ ਵਿੱਚ ਉਲਝੇ ਉਸ ਨੇ ਦਰਸਾ ਦਿੱਤਾ ਕਿ ਭਾਵੇਂ ਕਿੰਨੇ ਵੀ ਵੱਡੇ ਕੱਦ ਦੇ ਲੀਡਰ ਹੋਣ, ਪਰ ਸਿਆਸੀ ਸਹਿਣਸ਼ੀਲਤਾ ਨਾਂ ਦੀ ਚੀਜ਼ ਉਨ੍ਹਾਂ ਵਿੱਚ ਮੌਜੂਦ ਨਹੀਂ। ਉਨ੍ਹਾਂ ਨੇ ਅਜਿਹਾ ਕਰਨ ਲੱਗਿਆਂ ਆਪਣੇ ਦੇਸ਼ ਦੇ ਵੱਡੇ ਲੀਡਰਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਸਮਾਗਮ ਕੀ ਹੈ ਅਤੇ ਇਸ ਸਮਾਗਮ ਦਾ ਮਹੱਤਵ ਕੀ ਹੈ, ਇਸ ਦੀ ਵੀ ਪ੍ਰਵਾਹ ਨਹੀਂ ਕੀਤੀ। ਇਹ ਠੀਕ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਤਿੱਖੇ ਮਤਭੇਦ ਹਨ, ਪਰ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਉਹ ਇਸ ਤਰ੍ਹਾਂ ਦੇ ਦਿਮਾਗ਼ੀ ਦੀਵਾਲੀਏਪਣ ਦਾ ਮੁਜ਼ਾਹਿਰਾ ਕਰਨਗੇ, ਅਜਿਹਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਕਾਲੀ ਅਤੇ ਕਾਂਗਰਸੀ ਲੀਡਰਾਂ ਦੇ ਅਜਿਹੇ ਤੇਵਰਾਂ ਦਾ ਭਾਵੇਂ ਆਪਣੇ ਸਮਰਥਕਾਂ ਉੱਤੇ ਤਾਂ ਕੋਈ ਅਸਰ ਹੋ ਸਕਦਾ ਹੋਵੇ, ਪਰ ਕੁੱਲ ਦੁਨੀਆਂ ਵਿੱਚ ਇਨ੍ਹਾਂ ਲੀਡਰਾਂ ਦਾ ਜਿਹੜਾ ਪ੍ਰਭਾਵ ਬਣਿਆ ਉਹ ਜ਼ਰੂਰ ਹੀ ਪੰਜਾਬੀਆਂ ਨੂੰ ਸ਼ਰਮਿੰਦਾ ਕਰਨ ਵਾਲਾ ਕਿਹਾ ਜਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਸੀ: ਸੱਚ ਕਿਨਾਰੇ ਰਹਿ ਗਯਾ, ਖਹਿ ਮਰਦੇ ਬਾਮਣ ਮਉਲਾਣੇ