ਮਿਤਾਲੀ-ਹਰਮਨਪ੍ਰੀਤ ਦੀ ਜੰਗ ‘ਚ ਕਿਸ ਦੇ ਨਾਲ ਹੈ ਡਾਇਨਾ ਇਡੁਲਜੀ

ਨਵੀਂ ਦਿੱਲੀ – ICC ਮਹਿਲਾ ਵਰਲਡ ਕੱਪ T-20 ‘ਚ ਭਾਰਤ ਦੀ ਸੈਮੀਫ਼ਾਈਨਲ ‘ਚ ਹੋਈ ਹਾਰ ਤੋਂ ਜ਼ਿਆਦਾ ਚਰਚਾ ਇਸ ਸਮੇਂ ਪਲੇਇੰਗ ਇਲੈਵਨ ਤੋਂ ਮਿਤਾਲੀ ਰਾਜ ਦੀ ਛੁੱਟੀ ਅਤੇ ਉਸ ਤੋਂ ਬਾਅਦ ਮਚੀ ਹਲਚਲ ਦੀ ਹੈ। ਮਿਤਾਲੀ ਰਾਜ ਦੀ ਮੈਨੇਜਰ ਦੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ‘ਤੇ ਹਮਲੇ ਦੇ ਬਾਅਦ ਹੁਣ ਇਹ ਮਾਮਲਾ ਤੂਲ ਫ਼ੜਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ BCCI ਨੁੰ ਚਲਾ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਭਾਵ ਸੀ.ਓ.ਏ. ਦੇ ਹੈੱਡ ਵਿਨੋਦ ਰਾਏ ਪਹਿਲਾਂ ਹੀ ਇਸ ‘ਤੇ ਆਪਣੀ ਨਾਰਾਜ਼ਗੀ ਜਤਾ ਚੁੱਕੇ ਹਨ ਅਤੇ ਹੁਣ ਸੀ.ਓ.ਏ. ਦੀ ਦੂਜੀ ਮੈਂਬਰ ਅਤੇ ਸਾਬਕਾ ਮਹਿਲਾ ਕ੍ਰਿਕਟਰ ਡਾਇਨਾ ਇਡੁਲਜੀ ਨੇ ਵੀ ਆਪਣਾ ਰੁਖ਼ ਸਾਫ਼ ਕਰ ਦਿੱਤਾ ਹੈ।
ਖ਼ਬਰਾਂ ਮੁਤਾਬਕ ਇਡੁਲਜੀ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਸੈਮੀਫ਼ਾਈਨਲ ‘ਚ ਮਿਤਾਲੀ ਨੂੰ ਬਾਹਰ ਬਿਠਾਉਣ ਦਾ ਫ਼ੈਸਲਾ ਟੀਮ ਮੈਨੇਜਮੈਂਟ ਦਾ ਸੀ, ਅਤੇ ਉਸ ‘ਤੇ ਸਵਾਲ ਨਹੀਂ ਉਠਾਇਆ ਜਾ ਸਕਦਾ। ਉਨ੍ਹਾਂ ਸਾਫ਼ ਕੀਤਾ ਕਿ ਸੀ.ਓ.ਏ. ਇਸ ਵਿਵਾਦ ‘ਚ ਨਹੀਂ ਪਵੇਗੀ। ਇਸ ਟੂਰਨਾਮੈਂਟ ‘ਚ ਆਖ਼ਰੀ ਲੀਗ ਮੁਕਾਬਲੇ ‘ਚ ਗੋਡੇ ਦੀ ਸੱਟ ਕਾਰਨ ਮਿਤਾਲੀ ਰਾਜ ਨਹੀਂ ਖੇਡੀ ਸੀ, ਪਰ ਉਸ ਤੋਂ ਬਾਅਦ ਸੈਮੀਫ਼ਾਈਨਲ ‘ਚ ਫ਼ਿੱਟ ਹੋਣ ਦੇ ਬਾਵਜੂਦ ਉਸ ਨੂੰ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਭਾਰਤੀ ਟੀਮ ਦੇ ਮੁਕਾਬਲਾ ਹਾਰਨ ਦੇ ਬਾਅਦ ਮਿਤਾਲੀ ਦੀ ਮੈਨੇਜਰ ਤ੍ਰਿਪਤੀ ਭੱਟਾਚਾਰਿਆ ਨੇ ਹਰਮਨਪ੍ਰੀਤ ਨੂੰ ਕਾਫ਼ੀ ਭਲਾ-ਬੁਰਾ ਕਿਹਾ ਸੀ।
ਹੁਣ ਇਡੁਲਜੀ ਦਾ ਕਹਿਣਾ ਹੈ ਕਿ ਕ੍ਰਿਕਟ ਦੇ ਮੈਦਾਨ ‘ਤੇ ਜੋ ਫ਼ੈਸਲੇ ਲਏ ਗਏ ਉਨ੍ਹਾਂ ‘ਤੇ ਸੀ.ਓ.ਏ. ਕੋਈ ਦਖ਼ਲ ਨਹੀਂ ਦੇਵੇਗੀ, ਪਰ ਜੇਕਰ ਕਿਸੇ ਖਿਡਾਰੀ ਨੂੰ ਲਗਦਾ ਹੈ ਕਿ ਉਸ ਦੇ ਨਾਲ ਗ਼ਲਤ ਹੋਇਆ ਤਾਂ ਸੀ.ਓ.ਏ. ਦੇ ਸਾਹਮਣੇ ਆਪਣੀ ਗੱਲ ਰੱਖੀ ਜਾ ਸਕਦੀ ਹੈ।