ਸਰਦੀਆਂ ਦੇ ਮੌਸਮ ਵਿੱਚ ਮਟਰ ਦੀ ਬਹਾਰ ਹੁੰਦੀ ਹੈ ਕਿਸੇ ਦੇ ਘਰ ‘ਚ ਮਟਰ ਪੁਲਾਅ ਤਾਂ ਕਿਸੇ ਦੇ ਘਰ ਆਲੂ ਮਟਰ, ਗਾਜਰ ਮਟਰ ਵਰਗੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ। ਜੇ ਤੁਸੀਂ ਵੀ ਮਟਰ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਿੰਟਰ ਮਟਰ ਦਾ ਸੁਆਦੀ ਪਰੌਂਠਾ ਬਣਾ ਸਕਦੇ ਹੋ। ਇਹ ਖਾਣ ਵਿੱਚ ਬੇਹੱਦ ਸੁਆਦੀ ਹੋਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– 2 ਕੱਪ ਆਟਾ
– 1 ਕੱਪ ਪਾਣੀ
– ਮਟਰ ਡੇਢ ਕੱਪ
– 1 ਵੱਡਾ ਚੱਮਚ ਵੇਸਣ
– ਅੱਧਾ ਚੱਮਚ ਜੀਰਾ
– 1 ਚੁਟਕੀ ਹਿੰਗ
– ਅੱਧਾ ਚੱਮਚ ਮੈਗੀ ਮਸਾਲਾ
– 1/4 ਚੱਮਚ ਗਰਮ ਮਸਾਲਾ
– ਨਮਕ ਸੁਆਦ ਮੁਤਾਬਿਕ
– ਹਰਾ ਧਨੀਆ ਬਾਰੀਕ ਕੱਟਿਆ ਹੋਇਆ
– ਹਰੀ ਮਿਰਚ 2 ਚੱਮਚ
– ਤੇਲ ਪਰੌਂਠਿਆ ‘ਤੇ ਲਗਾਉਣ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਘੱਟ ਗੈਸ ‘ਤੇ ਤਵੇ ‘ਤੇ ਜ਼ੀਰਾ ਪਾ ਕੇ 2 ਮਿੰਟ ਲਈ ਭੁੰਨ ਲਓ। ਫ਼ਿਰ ਆਟੇ ‘ਚ ਥੋੜ੍ਹਾ ਜਿਹਾ ਨਮਕ, 2 ਚੱਮਚ ਤੇਲ ਅਤੇ ਥੋੜ੍ਹਾ ਜਿਹਾ ਪਾਣੀ ਪਾਉਂਦੇ ਹੋਏ ਚੰਗੀ ਤਰ੍ਹਾਂ ਨਾਲ ਗੁੰਨ੍ਹ ਲਓ। ਇਸ ਨੂੰ ਗਿੱਲੇ ਕੱਪੜੇ ਨਾਲ ਢੱਕ ਕੇ 20-30 ਮਿੰਟ ਲਈ ਰੱਖ ਦਿਓ।
ਇਸ ਤੋਂ ਬਾਅਦ ਮਟਰ ਨੂੰ ਭਾਫ਼ ਨਾਲ ਪਕਾ ਲਓ ਅਤੇ ਕੁਕਰ ‘ਚ ਥੋੜ੍ਹਾ ਜਿਹਾ ਪਾਣੀ ਪਾ ਕੇ ਸੀਟੀ ਲਗਾ ਲਓ। ਠੰਡਾ ਹੋਣ ‘ਤੇ ਇਸ ਨੂੰ ਛਾਣ ਲਓ। ਜਦੋਂ ਸਾਰਾ ਪਾਣੀ ਨਿਕਲ ਜਾਵੇ ਤਾਂ ਇਸ ਨੂੰ ਬਾਊਲ ਜਾਂ ਕਟੋਰੇ ‘ਚ ਪਾ ਦਿਓ ਅਤੇ ਮੈਸ਼ ਕਰ ਲਓ। ਮੈਸ਼ ਕੀਤੇ ਹੋਏ ਮਟਰ ਨੂੰ ਭੁੰਨ ਲਓ ਅਤੇ ਜੀਰਾ, ਭੁੰਨਿਆ ਹੋਇਆ ਵੇਸਣ, ਹਰੀ ਮਿਰਚ, ਹਿੰਗ, ਨਮਕ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਘੱਟ ਗੈਸ ‘ਤੇ ਤਵੇ ਨੂੰ ਗਰਮ ਕਰੋ। ਇਨ੍ਹੀ ਦੇਰ ਨੂੰ ਤੁਸੀਂ ਆਟਾ ਲੈ ਕੇ ਉਸ ‘ਚ ਤਿਆਰ ਕੀਤਾ ਹੋਇਆ ਮਿਸ਼ਰਣ ਲੈ ਕੇ ਪਰੌਂਠੇ ਦੀ ਤਰ੍ਹਾਂ ਵੇਲ ਲਓ। ਇਸ ਪਰੌਂਠੇ ਨੂੰ ਤਵੇ ‘ਤੇ ਪਾ ਕੇ ਦੋਹਾਂ ਪਾਸਿਆਂ ਤੋਂ ਹਲਕਾ-ਹਲਕਾ ਸੇਕ ਲਓ। ਫ਼ਿਰ ਦੋਵਾਂ ਪਾਸਿਆਂ ਤੋਂ ਤੇਲ ਲਗਾ ਕੇ ਕੁਰਕੁਰਾ ਕਰ ਕੇ ਸੇਕ ਲਓ। ਤੁਹਾਡਾ ਪਰੌਂਠਾ ਬਣ ਕੇ ਤਿਆਰ ਹੈ। ਇਸ ਨੂੰ ਹਰੀ ਮਿਰਚ ਦੇ ਆਚਾਰ ਅਤੇ ਦਹੀਂ ਨਾਲ ਸਰਵ ਕਰੋ।