ਨਵੀਂ ਦਿੱਲੀ – ਬਿੱਗ ਬੌਸ ਸੀਜ਼ਨ-12 ‘ਚ ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਤ ਸੁਰਖ਼ੀਆਂ ‘ਚ ਹੈ। ਸ਼੍ਰੀਸੰਤ ਸ਼ੋਅ ਦੀ ਸ਼ੁਰੂਆਤ ਤੋਂ ਹੀ ਚਰਚਾ ਦਾ ਵਿਸ਼ਾ ਬੋਣਿਆ ਹੋਇਆ ਹੈ। ਕੁੱਝ ਦਿਨ ਪਹਿਲਾਂ ਹੀ ਸ਼੍ਰੀਸੰਤ ਨੇ ਹਰਭਜਨ ਸਿੰਘ ਦੁਆਰਾ ਉਸ ਨੂੰ ਥੱਪੜ ਮਾਰੇ ਜਾਣ ‘ਤੇ ਖੁਲਾਸਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਹੁਣ ਸ਼੍ਰੀਸੰਤ ਨੇ ਇੱਕ ਵਾਰ ਫ਼ਿਰ ਆਪਣੇ ਨਾਲ ਜੁੜੇ ਸਭ ਤੋਂ ਵੱਡੇ ਵਿਵਾਦ ‘ਤੇ ਚੁੱਪੀ ਤੋੜੀ ਹੈ। ਬਿੱਗ ਬੌਸ ‘ਚ ਦੀਪਿਕਾ, ਜਸਲੀਨ, ਰੋਮਿਲ, ਮੇਘਾ ਅਤੇ ਕਰਣਵੀਰ ਦੇ ਸਾਹਮਣੇ ਰੋਂਦੇ ਸ਼੍ਰੀਸੰਤ ਨੇ 2013 ਆਈ.ਪੀ.ਐੱਲ. ਸਪੌਟ ਫ਼ਿਕਸਿੰਗ ਵਿਵਾਦ ਬਾਰੇ ਦੱਸਿਆ।
ਸ਼੍ਰੀਸੰਤ ਨੇ ਕਿਹਾ, ”ਉਨ੍ਹਾਂ ਲੋਕਾਂ ਨੇ ਕਿਹਾ ਕਿ 10 ਲੱਖ ਰੁਪਏ ਲਈ ਮੈਂ ਮੈਚ ਫ਼ਿਕਸਿੰਗ ਕੀਤੀ, ਅਤੇ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਹੈ, ਪਰ ਮੈਂ ਨਹੀਂ ਕੀਤੀ ਯਾਰ!” ਸ਼੍ਰੀਸੰਤ ਨੇ ਇਹ ਵੀ ਦੱਸਿਆ ਕਿ ਜੇਲ੍ਹ ‘ਚ ਰਹਿੰਦੇ ਸਮੇਂ ਉਸ ਨੇ ਬਹੁਤ ਦੁੱਖ ਝੱਲੇ ਸਨ ਅਤੇ ਜਦੋਂ ਬਾਹਰ ਆਇਆ ਤਾਂ ਉਸ ਨੂੰ ਕੁੱਝ ਦਿਨਾਂ ਤਕ ਨੌਰਮਲ ਜਿੰਦਗੀ ਜਿਉਣ ‘ਚ ਮੁਸ਼ਕਿਲ ਹੋਈ ਸੀ। ਭਾਵੁਕ ਹੋਏ ਸ਼੍ਰੀਸੰਤ ਨੇ ਕਿਹਾ ਕਿ ਉਸ ਨੂੰ ਗਰਾਊਂਡ ‘ਚੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਜੋ ਉਸ ਲਈ ਬਹੁਤ ਦੁਖਦਾਇਕ ਸਮਾਂ ਸੀ। ਦੀਪਿਕਾ ਸਮੇਤ ਸਾਰੇ ਮੈਂਬਰ ਸ਼੍ਰੀਸੰਤ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ।