ਨਵੀਂ ਦਿੱਲੀ – ਨਿਊ ਜ਼ੀਲੈਂਡ ਖ਼ਿਲਾਫ਼ ਦੂਜੇ ਟੈੱਸਟ ‘ਚ ਪਾਕਿਸਤਾਨੀ ਟੀਮ ਦਾ ਬੱਲੇਬਾਜ਼ ਅਜ਼ਹਰ ਅਲੀ ਇੱਕ ਵਾਰ ਫ਼ਿਰ ਤੋਂ ਮਜ਼ਾਕੀਆ ਅੰਦਾਜ਼ ‘ਚ ਰਨ ਆਊਟ ਹੋ ਗਿਆ। ਉਹ ਦੌੜ ਲੈਣ ਲਈ ਅੱਧੀ ਪਿਚ ਤਕ ਦੌੜ ਆਇਆ, ਪਰ ਜਦੋਂ ਉਸ ਨੇ ਬਾਬਰ ਆਜ਼ਮ ਨੂੰ ਦੌੜ ਲੈਂਦੇ ਨਹੀਂ ਦੇਖਿਆ ਤਾਂ ਵਾਪਿਸ ਪਰਤਿਆ ਪਰ ਓਨੀ ਦੇਰ ‘ਚ ਉਹ ਰਨ ਆਊਟ ਹੋ ਗਿਆ ਅਜ਼ਹਰ 81 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ‘ਚ ਵੀ ਉਹ ਖੜ੍ਹਾ-ਖੜ੍ਹਾ ਰਨ ਆਊਟ ਹੋ ਗਿਆ ਸੀ। ਵੈਸੇ ਸਿਰਫ਼ ਅਜ਼ਹਰ ਅਲੀ ਹੀ ਨਹੀਂ ਬਲਕਿ ਪੂਰੀ ਪਾਕਿਸਤਾਨ ਟੀਮ ਇਸ ਰਨ ਆਊਟ ਕਾਰਨ ਪਰੇਸ਼ਾਨ ਹੈ।
-ਰਨ ਆਊਟ ‘ਚ ਨੰਬਰ-1 ਬਣਿਆ ਪਾਕਿਸਤਾਨ
ਪਿਛਲੇ ਦੋ ਸਾਲ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਟੀਮ ਟੈੱਸਟ ਕ੍ਰਿਕਟ ‘ਚ ਰਨ ਆਊਟ ਦੇ ਮਾਮਲੇ ‘ਚ ਨੰਬਰ-1 ‘ਤੇ ਹੈ। ਇਸ ਦੌਰਾਨ 16 ਟੈੱਸਟ ਮੈਚਾਂ ‘ਚ ਪਾਕਿਸਤਾਨ ਦੇ 13 ਬੱਲੇਬਾਜ਼ ਰਨ ਆਊਟ ਹੋਏ ਹਨ। ਇਸ ਤਰ੍ਹਾਂ ਨਾਲ ਹਰ ਮੈਚ ‘ਚ ਉਨ੍ਹਾਂ ਦਾ ਰਨ ਆਊਟ ਪ੍ਰਤੀਸ਼ਤ 0.81 ਦਾ ਹੈ ਜੋ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਖ਼ਰਾਬ ਹੈ।
ਟੀਮ ਇੰਡੀਆ ਅੱਠਵੇਂ ਨੰਬਰ ‘ਤੇ
ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਬੰਗਲਾਦੇਸ਼ ਹੈ। ਬੰਗਲਾਦੇਸ਼ ਦੇ 16 ਮੈਚਾਂ ‘ਚ 11 ਬੱਲੇਬਾਜ਼ ਰਨ ਆਊਟ ਹੋਏ ਹਨ। ਉਨ੍ਹਾਂ ਦਾ ਰਨ ਆਊਟ ਦਾ ਪ੍ਰਤੀਸ਼ਤ 0.69 ਹੈ। ਤੀਜੇ ਨੰਬਰ ‘ਤੇ ਸ਼੍ਰੀਲੰਕਾ ਹੈ। ਉਨ੍ਹਾਂ ਨੇ ਇਸ ਦੌਰਾਨ 24 ਟੈੱਸਟ ਖੇਡੇ ਹਨ, ਅਤੇ ਉਨ੍ਹਾਂ ਦੇ 16 ਬੱਲੇਬਾਜ਼ ਰਨ ਆਊਟ ਹੋਏ ਹਨ। ਉਨ੍ਹਾਂ ਦਾ ਹਰ ਮੈਚ ‘ਚ ਰਨ ਆਊਟ ਹੋਣ ਦਾ ਪ੍ਰਤੀਸ਼ਤ 0.67 ਹੈ। ਭਾਰਤ ਇਸ ਮਾਮਲੇ ‘ਚ ਅੱਠਵੇਂ ਨੰਬਰ ‘ਤੇ ਹੈ।
ਉਨ੍ਹਾਂ ਨੇ ਇਸ ਦੌਰਾਨ 25 ਮੈਚ ਖੇਡੇ ਹਨ ਅਤੇ 9 ਬੱਲੇਬਾਜ਼ ਉਨ੍ਹਾਂ ਦੇ ਰਨ ਆਊਟ ਹੋਏ ਹਨ। ਇਸ ਲਈ ਪ੍ਰਤੀ ਮੈਚ ਰਨ ਆਊਟ ਹੋਣ ਦਾ ਪ੍ਰਤੀਸ਼ਤ 0.33 ਦਾ ਹੈ। 10ਵੇਂ ਨੰਬਰ ‘ਤੇ ਨਿਊ ਜ਼ੀਲੈਂਡ ਹੈ ਜਿਨਾਂ ਦਾ 12 ਮੈਚਾਂ ‘ਚ ਸਿਰਫ਼ 1 ਬੱਲੇਬਾਜ਼ ਰਨ ਆਊਟ ਹੋਇਆ ਹੈ ਅਤੇ ਉਨ੍ਹਾਂ ਦਾ ਰਨ ਆਊਟ ਹੋਣ ਦਾ ਪ੍ਰਤੀਸ਼ਤ 0.08 ਹੈ ਜੋ ਦੁਨੀਆ ‘ਚ ਸਭ ਤੋਂ ਬੈੱਸਟ ਹੈ।