ਨਵੀਂ ਦਿੱਲੀ – ਆਸਟਰੇਲੀਆ ਖ਼ਿਲਾਫ਼ ਹੋਈ ਤਿੰਨ T-20 ਮੈਚਾਂ ਦੀ ਸੀਰੀਜ਼ ‘ਚ ਕੁੱਲ 4 ਵਿਕਟਾਂ ਲੈਣ ਵਾਲੇ ਭਾਰਤੀ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਨੇ ਹਾਲ ਹੀ ਜਾਰੀ ਹੋਈ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਦੀ T-20 ਗੇਂਦਬਾਜ਼ਾਂ ਦੀ ਸੰਸਾਰਕ ਰੈਂਕਿੰਗ ‘ਚ ਤੀਜਾ ਸਥਾਨ ਹਾਸਿਲ ਕੀਤਾ ਹੈ। ਉਸ ਦੇ ਕੁੱਲ 714 ਅੰਕ ਹਨ।
ਰੈਂਕਿੰਗ ‘ਚ ਚੋਟੀ ‘ਤੇ ਮੌਜੂਦ ਅਫ਼ਗ਼ਾਨਿਸਤਾਨ ਦੇ ਸਟਾਰ ਗੇਂਦਬਾਜ਼ ਰਾਸ਼ਿਦ ਖ਼ਾਨ ਦੇ 793 ਅੰਕ ਹਨ ਜਦਕਿ ਪਾਕਿਸਤਾਨ ਦਾ ਸ਼ਾਦਾਬ ਖ਼ਾਨ 752 ਅੰਕਾਂ ਨਾਲ ਦੂਜੇ ਸਥਾਨ ‘ਤੇ ਕਾਬਜ਼ ਹੈ। ਕੁਲਦੀਪ ਤੋਂ ਇਲਾਵਾ ਆਸਟਰੇਲੀਆ ਦਾ ਗੇਂਦਬਾਜ਼ ਐਡਮ ਜ਼ੈਂਪਾ ਵੀ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਖ਼ਿਲਾਫ਼ ਟੀ-20 ‘ਚ ਤਿੰਨ ਵਿਕਟਾਂ ਲੈ ਕੇ ਇਸੇ ਰੈਂਕਿੰਗ ‘ਚ ਜੈਂਪਾ ਨੇ 17 ਸਥਾਨਾਂ ਦੀ ਛਲਾਂਗ ਲਗਾਈ ਹੈ।
ਭਾਰਤ ਲਈ ਆਸਟਰੇਲੀਆ ਖ਼ਿਲਾਫ਼ T-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਕਰੁਣਾਲ ਪੰਡਯਾ ਨੇ ਵੀ ਹਾਂ ਪੱਖੀ ਨਤੀਜੇ ਹਾਸਿਲ ਕਰ ਕੇ ਚੋਟੀ ਦੇ 100 ਗੇਂਦਬਾਜ਼ਾਂ ‘ਚ ਸਥਾਨ ਹਾਸਿਲ ਕਰ ਲਿਆ ਹੈ। ਉਹ 66 ਸਥਾਨਾਂ ਦੀ ਛਲਾਂਗ ਲਗਾ ਕੇ 98ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਪੰਡਯਾ ਨੇ ਤੀਜੇ ਮੈਚ ‘ਚ 36 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਿਲ ਕੀਤੀਆਂ ਸਨ।
T-20 ਬੱਲੇਬਾਜ਼ਾਂ ਦੀ ਸੂਚੀ ‘ਚ ਭਾਰਤ ਦਾ ਸ਼ਿਖਰ ਧਵਨ ਪੰਜ ਸਥਾਨ ਉੱਪਰ ਉਠਦਾ ਹੋਇਆ 11ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਸ ਨੇ ਸੀਰੀਜ਼ ‘ਚ 76 ਅਤੇ 41 ਦੌੜਾਂ ਦੀ ਅਹਿਮ ਪਾਰੀਆਂ ਖੇਡੀਆਂ। ਹਾਲਾਂਕਿ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਦੋ ਸਥਾਨ ਫ਼ਿਸਲਦਾ ਹੋਇਆ 6ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਲੋਕੇਸ਼ ਰਾਹੁਲ ਨੂੰ ਆਪਣੀ ਭੈੜੀ ਫ਼ੌਰਮ ਕਾਰਨ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ ਨੌਵੇਂ ਸਥਾਨ ‘ਤੇ ਪਹੁੰਚ ਗਿਆ ਹੈ।