ਕਰਤਾਰਪੁਰ ਲਾਂਘਾ ਭਾਰਤ-ਪਾਕਿ ਸਬੰਧਾਂ ਦੀ ਨਵੀਂ ਸ਼ੁਰੂਆਤ ਹੋ ਸਕਦੈ : ਮਹਿਬੂਬਾ

ਸ਼੍ਰੀਨਗਰ — ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਨੂੰ ਲੈ ਕੇ ਬਿਆਨ ਦਿੱਤਾ ਹੈ। ਮਹਿਬੂਬਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਸੁਧਾਰਨ ਲਈ ਇਕ ਨਵੀਂ ਸ਼ੁਰੂਆਤ ਹੋ ਸਕਦਾ ਹੈ। ਮਹਿਬੂਬਾ ਨੇ ਟਵਿੱਟਰ ‘ਤੇ ਟਵੀਟ ਕੀਤਾ, ”ਕਰਤਾਰਪੁਰ ਲਾਂਘਾ ਖੁੱਲ੍ਹਣਾ ਦੋ ਗੁਆਂਢੀਆਂ ਵਿਚਾਲੇ ਸਬੰਧ ਸੁਧਾਰਨ ਲਈ ਇਕ ਨਵੀਂ ਸ਼ੁਰੂਆਤ ਹੋ ਸਕਦਾ ਹੈ। ਅਸੀਂ ਆਪਣੀਆਂ ਸਰਹੱਦਾਂ ਨੂੰ ਨਹੀਂ ਬਦਲ ਸਕਦੇ ਪਰ ਵਪਾਰ ਨੂੰ ਸੁਵਿਧਾਜਨਕ ਬਣਾ ਕੇ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰ ਕੇ ਢੁਕਵਾਂ ਬਣਾ ਸਕਦੇ ਹਾਂ। ਇਹ ਭਾਰਤ ਅਤੇ ਪਾਕਿਸਤਾਨ ਦੋਹਾਂ ਲਈ ਸ਼ਾਂਤੀ ਅਤੇ ਤਰੱਕੀ ਦੀ ਸ਼ੁਰੂਆਤ ਹੋਵੇਗੀ।”
ਮਹਿਬੂਬਾ ਨੇ ਮੀਡੀਆ ਦੀਆਂ ਉਨ੍ਹਾਂ ਖਬਰਾਂ ਦੀ ਵੀ ਆਲੋਚਨਾ ਕੀਤੀ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਪਹਿਲ ਨਾਲ ਭਾਰਤ ਵਿਚ ‘ਖਾਲਿਸਤਾਨੀ ਏਜੰਡੇ’ ਨੂੰ ਹੱਲਾ-ਸ਼ੇਰੀ ਮਿਲਣ ਦਾ ਖਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹਾਸੋ-ਹੀਣੀ ਗੱਲ ਹੈ ਕਿ ਕੁਝ ਲੋਕ ਟੀ. ਵੀ. ਚੈਨਲ ਕਰਤਾਰਪੁਰ ਲਾਂਘੇ ਵਰਗੀ ਪਹਿਲ ਨੂੰ ਖਾਲਿਸਤਾਨ ਬਣਾਉਣ ਦੀ ਸਾਜ਼ਿਸ਼ ਨਾਲ ਜੋੜ ਕੇ ਦੇਖ ਰਹੇ ਹਨ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਕਿਸਤਾਨ ਦੇ ਕਰਤਾਰਪੁਰ ਵਿਚ ਆਪਣਾ ਅੰਤਿਮ ਸਮਾਂ ਬਿਤਾਇਆ ਸੀ। ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਨੂੰ ਭਾਰਤ ਦੇ ਪੰਜਾਬ ‘ਚ ਗੁਰਦਾਸਪੁਰ ਜ਼ਿਲੇ ‘ਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਲਾਂਘੇ ਲਈ ਬੁੱਧਵਾਰ ਨੂੰ ਕਰਤਾਰਪੁਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਪੱਥਰ ਰੱਖਿਆ। ਓਧਰ ਭਾਰਤ ਦੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ‘ਚ ਸੋਮਵਾਰ ਭਾਵ 26 ਨਵੰਬਰ ਨੂੰ ਨੀਂਹ ਪੱਥਰ ਰੱਖਿਆ।