ਸਿਡਨੀ – ਆਸਟਰੇਲੀਆ ‘ਚ ਪਹਿਲੀ ਟੈੱਸਟ ਸੀਰੀਜ਼ ਜਿੱਤਣ ਦੇ ਸਭ ਤੋਂ ਸੁਨਹਿਰੇ ਮੌਕੇ ਦਾ ਲਾਹਾ ਲੈਣ ਦੀ ਕੋਸ਼ਿਸ਼ ‘ਚ ਲੱਗੀ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਆਸਟਰੇਲੀਆ ਖ਼ਰਾਬ ਦੌਰ ਨਾਲ ਜੂਝਣ ਦੇ ਬਾਵਜੂਦ ਸਖ਼ਤ ਚੁਣੌਤੀ ਪੇਸ਼ ਕਰਨ ‘ਚ ਸਮਰੱਥ ਹੈ। ਬੌਰਡਰ ਗਾਵਸਕਰ ਟਰਾਫ਼ੀ 6 ਦਸੰਬਰ ਨੂੰ ਐਡੀਲੇਡ ‘ਚ ਪਹਿਲੇ ਟੈੱਸਟ ਨਾਲ ਸ਼ੁਰੂ ਹੋਵੇਗੀ। ਭਾਰਤੀ ਟੀਮ ਬੁੱਧਵਾਰ ਤੋਂ ਸਿਡਨੀ ਦੇ ਕ੍ਰਿਕਟ ਮੈਦਾਨ ‘ਤੇ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ ਚਾਰ ਰੋਜ਼ਾ ਅਭਿਆਸ ਮੈਚ ਸ਼ੁਰੂ ਕਰ ਚੁੱਕੀ ਹੈ।
ਟੀਚਾ ਹੈ ਮੈਚ ਜਿੱਤਣਾ
ਇਸ਼ਾਂਤ ਨੇ ਕਿਹਾ, ”ਅਸੀਂ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਦੇ। ਸਾਰਾ ਕੁੱਝ ਮੈਚ ਦੇ ਦਿਨ ਨਿਰਭਰ ਕਰਦਾ ਹੈ। ਕ੍ਰਿਕਟ ‘ਚ ਜੋ ਵੀ ਦੇਸ਼ ਲਈ ਖੇਡ ਰਿਹਾ ਹੈ, ਉਹ ਚੰਗਾ ਹੀ ਖੇਡਦਾ ਹੈ। ਨਤੀਜਾ ਆਉਣ ਤਕ ਅਸੀਂ ਕਿਸੇ ਨੂੰ ਹਲਕੇ ‘ਚ ਨਹੀਂ ਲੈ ਸਕਦੇ। ਉਸ ਨੇ ਕਿਹਾ, ”ਸਾਡਾ ਟੀਚਾ ਲੜੀ ਜਿੱਤਣਾ ਹੈ, ਅਤੇ ਅਸੀਂ ਸਾਰੇ ਉਸ ‘ਤੇ ਫ਼ੋਕਸ ਕਰ ਰਹੇ ਹਾਂ। ਅਸੀਂ ਨਿੱਜੀ ਪ੍ਰਦਰਸ਼ਨ ਬਾਰੇ ਨਹੀਂ ਸੋਚ ਰਹੇ। ਸਾਡਾ ਟੀਚਾ ਆਸਟਰੇਲੀਆ ‘ਚ ਸੀਰੀਜ਼ ਜਿੱਤਣਾ ਹੈ, ਬਸ ਇਹੋ ਇੱਕ ਟੀਚਾ ਹੈ।” ਪਿਛਲੀ ਵਾਰ ਭਾਰਤ ਨੂੰ ਇੱਥੇਂ 4-0 ਨਾਲ ਹਾਰ ਝੱਲਣੀ ਪਈ ਸੀ। ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਹਾਲਾਂਕਿ ਕਾਫ਼ੀ ਦੌੜਾਂ ਬਣਾਈਆਂ ਸਨ। ਇਸ਼ਾਂਤ ਨੇ ਕਿਹਾ, ”ਚੱਲ ਰਿਹਾ ਅਭਿਆਸ ਮੈਚ ਅਹਿਮ ਹੈ ਕਿਉਂਕਿ ਇਸ ਨਾਲ ਲੈਅ ਬਣੇਗੀ। ਤੁਹਾਨੂੰ ਹਾਲਾਤ ਬਾਰੇ ਪਤਾ ਲੱਗੇਗਾ ਕਿਉਂਕਿ ਅਸੀਂ ਲੰਬੇ ਸਮੇਂ ਬਾਅਦ ਇੱਥੇ ਖੇਡ ਰਹੇ ਹਾਂ।”
ਦਬਾਅ ਬਾਰੇ ਨਹੀਂ ਸੋਚ ਰਹੇ
ਭਾਰਤੀ ਤੇਜ਼ ਹਮਲੇ ‘ਤੇ ਕਾਫ਼ੀ ਜ਼ਿੰਮੇਵਾਰੀ ਹੋਵੇਗੀ ਜਿਸ ਨੇ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ ਸੀ। ਕੋਹਲੀ ਅਤੇ ਰਵੀ ਸ਼ਾਸਤਰੀ ਨੇ ਬਾਰ-ਬਾਰ ਮੌਜੂਦਾ ਤੇਜ਼ ਹਮਲੇ ਨੂੰ ਭਾਰਤੀ ਟੈੱਸਟ ਇਤਿਹਾਸ ਦਾ ਸਰਵਸ੍ਰੇਸ਼ਠ ਦੱਸਿਆ ਹੈ। ਸ਼ਰਮਾ ਨੇ ਕਿਹਾ ਕਿ ਇਸ ਨਾਲ ਉਸ ‘ਤੇ ਦਬਾਅ ਨਹੀਂ ਬਣਿਆ ਸਗੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੀ ਹੈ। ਉਸ ਨੇ ਕਿਹਾ, ”ਦਬਾਅ ਤਾਂ ਹੈ ਪਰ ਇਹ ਵਧੀਆ ਮੌਕਾ ਵੀ ਹੈ। ਤੇਜ਼ ਹਮਲਾਵਰਤਾ ‘ਚ ਸਿਹਤਮੰਦ ਮੁਕਾਬਲਾ ਹੈ। ਜੇਕਰ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਤਾਂ ਤੁਹਾਨੂੰ ਬਾਹਰ ਬੈਠਣਾ ਪੈ ਸਕਦਾ ਹੈ।” ਇਸ਼ਾਂਤ ਨੇ ਕਿਹਾ, ”ਸਾਡੇ ਕੋਲ ਇੱਕ ਚੰਗੇ ਪ੍ਰਦਰਸ਼ਨ ਦਾ ਮੌਕਾ ਹੈ। ਅਸੀਂ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਅਸੀਂ ਦਬਾਅ ਬਾਰੇ ਸੋਚ ਹੀ ਨਹੀਂ ਰਹੇ। ਅਸੀਂ ਹਮੇਸ਼ਾ ਚੰਗੇ ਪ੍ਰਦਰਸ਼ਨ ਬਾਰੇ ਸੋਚਦੇ ਹਾਂ।”