ਹਿਮਾਚਲ ਪ੍ਰਦੇਸ਼ ‘ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 21 ਯਾਤਰੀ ਜ਼ਖਮੀ

ਸੋਲਨ — ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਇਕ ਟੂਰਿਸਟ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 21 ਯਾਤਰੀ ਜ਼ਖਮੀ ਹੋ ਗਏ। ਬੱਸ ਸੋਲਨ-ਸ਼ਿਮਲਾ ਬਾਰਡਰ ਨੇੜੇ ਕਾਰੀ ਨਾਲਾ ‘ਚ ਇਕ ਡੂੰਘੇ ਖੱਡ ਵਿਚ ਜਾ ਡਿੱਗੀ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਰਾਹਤ ਕੰਮ ਸ਼ੁਰੂ ਕੀਤਾ ਅਤੇ ਸਥਾਨਕ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਬੱਸਾਂ ‘ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਸਾਰੇ ਯਾਤਰੀ ਦਿੱਲੀ ਦੇ ਦੱਸੇ ਜਾ ਰਹੇ ਹਨ।
ਓਧਰ ਐੱਸ. ਐੱਚ. ਓ. ਦੇਸ਼ਰਾਜ ਗੁਲੇਰੀਆ ਨੇ ਦੱਸਿਆ ਕਿ ਬੱਸ ਜੁਨਗਾ ਤੋਂ ਕੰਡਾਘਾਟ ਵੱਲ ਜਾ ਰਹੀ ਸੀ। ਅਚਾਨਕ ਤਿੱਖਾ ਮੋੜ ਆਉਣ ‘ਤੇ ਖੱਡ ਵਿਚ ਡਿੱਗ ਗਈ। ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਵਿਚ 21 ਲੋਕ ਜ਼ਖਮੀ ਹੋਏ ਹਨ ਅਤੇ ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।