ਸ਼੍ਰੀਨਗਰ— ਵਿਧਾਨ ਸਭਾ ਭੰਗ ਹੋਣ ਦਾ ਗੁੱਸਾ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਵੀ ਕਾਫੀ ਕੱਢਿਆ ਹੈ। ਉਨ੍ਹਾਂ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਗਵਰਨਰ ਸੱਤਪਾਲ ਮਲਿਕ ਨੂੰ ਕੇਂਦਰ ਦਾ ਗੁਲਾਮ ਕਹਿ ਦਿੱਤਾ। ਅਬਦੁੱਲਾ ਨੇ ਕਿਹਾ ਕਿ ਵਿਧਾਨ ਸਭਾ ਨੂੰ ਭੰਗ ਕਰਕੇ ਉਨ੍ਹਾਂ ਨੂੰ ਸਾਬਿਤ ਕਰ ਦਿੱਤਾ ਕਿ ਉਹ ਸਿਰਫ ਤੇ ਸਿਰਫ ਕੇਂਦਰ ਦੇ ਗੁਲਾਮ ਹਨ ਹੋਰ ਕੁਝ ਨਹੀਂ। ਜੇਕਰ ਕੇਂਦਰ ਉਨ੍ਹਾਂ ਨੂੰ ਬੈਠਣ ਲਈ ਕਹੇਗਾ ਤਾਂ ਉਹ ਬੈਠ ਜਾਣਗੇ ਤੇ ਜੇਕਰ ਕੇਂਦਰ ਉਨ੍ਹਾਂ ਨੂੰ ਖੜ੍ਹਾ ਹੋਣ ਲਈ ਕਹੇਗਾ ਤਾਂ ਉਹ ਖੜ੍ਹੇ ਹੋ ਜਾਣਗੇ।
ਡਾ. ਅਬਦੁੱਲਾ ਇਥੇ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਗਵਰਨਰ ਸਾਹਿਬ ਨੇ ਉਸ ਸਮੇਂ ਵਿਧਾਨ ਸਭਾ ਭੰਗ ਨਹੀਂ ਕੀਤੀ ਜਦੋਂ ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਸੀ। ਉਦੋਂ ਉਹ ਸ਼ਾਇਦ ਭਾਜਪਾ ਦੇ ਮੋਲ ਭਾਅ ਦੀ ਉਡੀਕ ਕਰ ਰਹੇ ਸਨ ਤਾਂਕਿ ਉਹ ਵਿਧਾਇਕ ਖਰੀਦ ਸਕਣ ਤੇ ਸਰਕਾਰ ਬਣਾ ਸਕਣ। ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਗਵਰਨਰ ਮਲਿਕ ਨੇ ਬੁੱਧਵਾਰ ਨੂੰ ਉਸ ਸਮੇਂ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਜਦੋਂ ਕਥਿਤ ਤੌਰ ‘ਤੇ ਮਹਿਬੂਬਾ ਨੇ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਫੈਕਸ ਕੀਤਾ ਸੀ। ਗਵਰਨਰ ਸਾਹਿਬ ਨੇ ਕਿਹਾ ਸੀ ਕਿ ਈਦ ਦੀ ਛੁੱਟੀ ਹੋਣ ਕਾਰਨ ਦਫਤਰ ‘ਚ ਕੋਈ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਮਹਿਬੂਬਾ ਦਾ ਫੈਕਸ ਨਹੀਂ ਮਿਲਿਆ।