ਜਲੰਧਰ : ਪਾਕਿਸਾਨ ਵਲੋਂ ਆਪਣੇ ਦੇਸ਼ ਅੰਦਰ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਪ੍ਰੋਜੈਕਟ ਦੀ ਨੀਂਹ ਰੱਖਣ ਲਈ 28 ਤਾਰੀਕ ਦਾ ਦਿਨ ਮੁਕੱਰਰ ਕੀਤਾ ਗਿਆ ਹੈ। ਇਸ ਕਾਰੀਡੋਰ ਦਾ ਉਦਘਾਟਨ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੀਤਾ ਜਾਣਾ ਹੈ ਪਰ ਹੁਣ ਪਾਕਿਸਤਾਨ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜਿਆ ਹੈ। ਇਸ ਸਮਾਗਮ ਵਿਚ ਸਿੱਧੂ ਅਤੇ ਇਮਰਾਨ ਖਾਨ ਕਾਰੀਡਾਰ ਦੀ ਨੀਂਹ ਰੱਖਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਸਿੱਧੂ ਪਾਕਿਸਤਾਨ ਗਏ ਸਨ ਜਿਸ ਦੌਰਾਨ ਪਾਕਿਸਤਾਨੀ ਆਰਮੀ ਚੀਫ ਵਲੋਂ ਕਰਤਾਰਪੁਰ ਕਾਰੀਡੋਰ ਬਨਾਉਣ ਦੀ ਤਜਵੀਜ਼ ‘ਤੇ ਗੱਲਬਾਤ ਕੀਤੀ ਸੀ ਅਤੇ ਇਸ ਫੇਰੀ ਦੌਰਾਨ ਸਿੱਧੂ ਅਤੇ ਬਾਜਵਾ ਦੀ ਜੱਫੀ ਵਿਵਾਦਾਂ ਵਿਚ ਘਿਰ ਗਈ ਸੀ।