ਜਲੰਧਰ ਂ ਭਾਰਤੀ ਟੀਮ ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਗ਼ੈਰ ਟੀ-20 ਸੀਰੀਜ਼ ਤੋਂ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਕਰੇਗੀ। ਧੋਨੀ ਨੇ ਬੀਤੇ ਮਹੀਨੇ ਵੈੱਸਟਇੰਡੀਜ਼ ਨਾਲ ਹੋਈ ਟੀ-20 ਸੀਰੀਜ਼ ਲਈ ਭਾਰਤੀ ਟੀਮ ‘ਚ ਚੁੱਣਿਆ ਨਹੀਂ ਸੀ ਗਿਆ। ਧੋਨੀ ਦੀ ਜਗ੍ਹਾ ਹੁਣ ਬੀ.ਸੀ.ਸੀ.ਆਈ. ਨਵੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ‘ਤੇ ਭਰੋਸਾ ਜਤਾ ਰਹੀ ਹੈ। ਇਸ ਵਿਚਾਲੇ ਭਾਰਤ ਨੂੰ 1983 ਵਿਸ਼ਵ ਕੱਪ ਦਿਵਾਉਣ ਵਾਲੇ ਕਪਿਲ ਦੇਵ ਨੇ ਕਿਹਾ ਹੈ ਕਿ ਧੋਨੀ ਨੂੰ ਹੁਣ ਆਪਣਾ ਟੀ-20 ਕਰੀਅਰ ਖ਼ਤਮ ਮੰਨ ਲੈਣਾ ਚਾਹੀਦੈ।
93 ਮੈਚਾਂ ‘ਚ 1,487 ਬਣਾਈਆਂ ਦੌੜਾਂ
ਕਪਿਲ ਦੇਵ ਨੇ ਇੱਕ ਪ੍ਰੋਗਰਾਮ ਦੌਰਾਨ ਧੋਨੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਹੁਣ ਫ਼ੈਨਜ਼ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਧੋਨੀ ਦੀ ਉਮਰ ਹੋ ਚੁੱਕੀ ਹੈ। ਉਹ 20 ਸਾਲ ਦੇ ਲੜਕੇ ਦੀ ਤਰ੍ਹਾਂ ਤਾਂ ਖੇਡ ਨਹੀਂ ਸਕਦਾ। ਉਸ ਨੇ ਦੇਸ਼ ਲਈ ਜੋ ਵੀ ਕੀਤਾ ਉਹ ਬਹੁਤ ਚੰਗਾ ਹੈ, ਪਰ ਜੇਕਰ ਅਸੀਂ ਹਾਲੇ ਵੀ ਉਸ ਤੋਂ ਉਮੀਦ ਰੱਖਾਂਗੇ ਕਿ ਉਹ ਅੱਗੇ ਵੀ ਸ਼ਾਨਦਾਰ ਕ੍ਰਿਕਟ ਖੇਡਦਾ ਰਹੇਗਾ ਤਾਂ ਇਹ ਗ਼ਲਤ ਹੋਵੇਗਾ। ਦੱਸ ਦਈਏ ਕਿ ਹੁਣ ਤਕ 93 ਟੀ-20 ਮੈਚ ਖੇਡੇ ਹਨ, ਇਨ੍ਹਾਂ ਮੈਚਾਂ ‘ਚ ਧੋਨੀ ਦੇ ਬੱਲੇ ਤੋਂ 37.17 ਦੀ ਔਸਤ ਨਾਲ 1, 487 ਦੌੜਾਂ ਬਣਾਈਆ ਹਨ।
ਕਪਿਲ ਦੇਵ ਨੇ ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹੇ। ਉਸ ਨੇ ਕਿਹਾ ਕਿ ਵਿਰਾਟ ਇੱਕ ਸਪੈਸ਼ਲ ਖਿਡਾਰੀ ਹੈ, ਅਤੇ ਜਿਸ ਖਿਡਾਰੀਆਂ ‘ਚ ਹੁਨਰ ਹੁੰਦਾ ਹੈ ਅਤੇ ਲਗਾਤਰ ਮਿਹਨਤ ਕਰਦੈ, ਉਹ ਸੁਪਰ ਹਿਊਮਨ ਬਣ ਜਾਂਦਾ ਹੈ।