ਨਵੀਂ ਦਿੱਲੀ— ਦੇਸ਼ ‘ਚ ਅਕਸਰ ਇਸ ਗੱਲ ‘ਤੇ ਚਰਚਾ ਹੁੰਦੀ ਰਹਿੰਦੀ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ‘ਚ ਵੜ੍ਹ ਕੇ ਅਮਰੀਕਾ ਨੇ ਲਾਦੇਨ ਨੂੰ ਟਿਕਾਣੇ ਲਗਾਇਆ ਸੀ, ਉਸੇ ਤਰ੍ਹਾਂ ਦੀ ਕਾਰਵਾਈ ਭਾਰਤ ਨੂੰ ਵੀ ਅੱਤਵਾਦੀ ਹਾਫਿਜ਼ ਸਈਦ ਖਿਲਾਫ ਕਰਨੀ ਚਾਹੀਦੀ ਹੈ। ਹਾਲਾਂਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਮੁੰਬਈ ਹਮਲੇ ਦੇ ਦੋਸ਼ੀ ਹਾਫਿਜ਼ ਸਈਦ ਨੂੰ ਟਾਰਗੇਟ ਕਰਨ ਦੀ ਸਮਰੱਥਾ ਭਾਰਤ ‘ਚ ਕਦੇ ਵੀ ਨਹੀਂ ਸੀ। ਚਿਦੰਬਰਮ ਦਾ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਆਰਮੀ ਚੀਫ ਬਿਪਿਨ ਰਾਵਤ ਨੇ ਕਿਹਾ ਸੀ ਕਿ ਮੁੰਬਈ ਹਮਲੇ ਦੇ ਦੋਸ਼ੀਆਂ ਦਾ ਖਾਤਮਾ ਕਰਨ ਲਈ ਭਾਰਤ ‘ਚ ਵੀ ਯੂ.ਐੱਸ. ਦੇ ਓਸਾਮਾ ਵਰਗੇ ਆਪਰੇਸ਼ਨ ਦੀ ਸਮਰੱਥਾ ਹੈ। ਅਜਿਹੇ ‘ਚ ਚਿਦੰਬਰਮ ਦਾ ਇਹ ਬਿਆਨ ਕਾਂਗਰਸ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।
ਦਿੱਗਜ ਕਾਂਗਰਸੀ ਨੇਤਾ ਨੇ ਕਿਹਾ ਕਿ ਮੁੰਬਈ ਹਮਲੇ ਦੇ ਤੁਰੰਤ ਬਾਅਦ ਹਾਫਿਜ਼ ਸਈਦ ਕਰਾਚੀ ‘ਚ ਸੇਫ ਹਾਊਸ ‘ਚ ਸੀ ਤੇ ਹੁਣ ਉਹ ਸ਼ਰੇਆਮ ਘੁੰਮਦਾ ਹੈ ਪਰ ਸਾਡੇ ਕੋਲ ਪਾਕਿਸਤਾਨ ਦੇ ਐਬਟਾਬਾਦ ‘ਚ ਓਸਾਮਾ ਖਿਲਾਫ ਹੋਏ ਅਮਰੀਕੀ ਆਪਰੇਸ਼ਨ ਵਾਂਗ ਹਾਫਿਜ ਟਾਰਗੇਟ ਕਰਨ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, ‘ਸਾਡੇ ਕੋਲ ਹੁਣ ਇਹ ਸਮਰੱਥਾ ਨਹੀਂ ਸੀ ਤੇ ਮੈਨੂੰ ਹੈਰਾਨੀ ਹੋਵੇਗੀ ਜੇਕਰ ਸਾਡੇ ਕੋਲ ਇਹ ਹੋਵੇ। ਜੇਕਰ ਅਸੀਂ ਕੋਸ਼ਿਸ ਕੀਤੀ ਹੁੰਦੀ ਤਾਂ ਅਸੀਂ ਅਸਫਲ ਹੁੰਦੇ ਤੇ ਇਸ ਨਾਲ ਇਕ ਵੱਡਾ ਝਟਕਾ ਲੱਗਦਾ।’ ਚਿਦੰਬਰਮ ਨੇ ਕਿਹਾ ਕਿ ਭਾਰਤ ਨੇ ਕੂਟਨੀਤਕ ਚੈਨਲਾਂ ਦੇ ਜ਼ਰੀਏ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਸੀ ਕਿ ਮੁੰਬਈ ਵਾਂਗ ਦੂਜਾ ਹਮਲਾ ਹੋਇਆ ਤਾਂ ਕਰਾਰ ਜਵਾਬ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਟਾਈਮ ਨਾਓ ਨੂੰ ਦਿੱਤੇ ਇੰਟਰਵਿਊ ‘ਚ ਜਨਰਲ ਰਾਵਤ ਨੇ ਕਿਹਾ ਕਿ ਐਬਟਾਬਾਦ ‘ਚ ਅਮਰੀਕੀ ਸਟਾਈਲ ‘ਚ ਹਮਲੇ ਵਾਂਗ ਆਪਰੇਸ਼ਨ ਇਕ ਬਦਲ ਸੀ ਪਰ ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਕਰਨ ਦੇ ਦੂਜੇ ਵੀ ਰਾਸਤੇ ਹਨ।