ਨਵੀਂ ਦਿੱਲੀ ਂ ਪਾਕਿਸਤਾਨੀ ਚੋਣਕਰਤਾਵਾਂ ਨੇ ਇਸ ਮਹੀਨੇ ਦੇ ਅਖੀਰ ‘ਚ ਭੁਵਨੇਸ਼ਵਰ ‘ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਆਪਣੀ ਰਾਸ਼ਟਰੀ ਹਾਕੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ, ਅਤੇ ਏਸ਼ੀਆਈ ਚੈਂਪੀਅਨਜ਼ ਟ੍ਰਾਫ਼ੀ ਦੀ ਸੰਯੁਕਤ ਜੇਤੂ ਟੀਮ ‘ਚ ਸਿਰਫ਼ ਇੱਕ ਬਦਲਾਅ ਕੀਤਾ ਗਿਆ ਹੈ। ਮੁੱਖ ਚੋਣਕਰਤਾਵਾਂ ਇਸਲਾਹੂਦੀਨ ਸਦੀਕੀ ਨੇ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਨੁਭਵੀ ਰਸ਼ੀਦ ਮਹਿਮੂਦ ਨੂੰ ਰਿਜ਼ਵਾਨ ਜੂਨੀਅਰ ਦੀ ਜਗ੍ਹਾ ਟੀਮ ‘ਚ ਰੱਖਿਆ ਗਿਆ ਹੈ। ਮਸਕਟ ‘ਚ ਏਸ਼ੀਆ ਚੈਂਪੀਅਨਜ਼ ਟ੍ਰੌਫ਼ੀ ‘ਚ ਭਾਰਤ ਅਤੇ ਪਾਕਿਸਤਾਨ ਸਹਿ ਜੇਤੂ ਰਹੇ ਸਨ। ਇਸਲਾਹੂਦੀਨ ਨੇ ਕਿਹਾ, ”ਰਸ਼ੀਦ ਵਿਦੇਸ਼ ‘ਚ ਪੇਸ਼ੇਵਰ ਲੀਗ ਖੇਡ ਰਿਹਾ ਸੀ, ਪਰ ਹੁਣ ਉਹ ਉਪਲਬਧ ਹੈ ਅਤੇ ਸਾਡੇ ਸਭ ਤੋਂ ਉਮਦਾ ਮਿਡਫ਼ੀਲਡਰਾਂ ‘ਚੋਂ ਹੈ।”
ਇਸਲਾਹੂਦੀਨ 1971 ਅਤੇ 1978 ਵਿਸ਼ਵ ਕੱਪ ਜੇਤੂ ਪਾਕਿਸਤਾਨੀ ਟੀਮ ਦਾ ਮੈਂਬਰ ਸੀ। ਪਾਕਿਸਤਾਨ ਨੇ ਆਖ਼ਰੀ ਵਾਰ 1994 ‘ਚ ਸਿਡਨੀ ‘ਚ ਵਿਸ਼ਵ ਕੱਪ ਜਿੱਤਿਆ ਸੀ। ਪਿੱਛਲੇ ਵਿਸ਼ਵ ਕੱਪ ਲਈ ਟੀਮ ਕੁਆਲੀਫ਼ਾਈ ਨਹੀਂ ਸੀ ਕਰ ਸਕੀ ਅਤੇ ਦਿੱਲੀ ‘ਚ 2010 ‘ਚ ਹੋਏ ਵਿਸ਼ਵ ਕੱਪ ‘ਚ ਆਖ਼ਰੀ ਸਥਾਨ ‘ਤੇ ਰਹੀ ਸੀ। ਪਾਕਿਸਤਾਨ ਟੀਮ ਦੀ ਚੋਣ ਲਾਹੌਰ ‘ਚ ਦੋ ਦਿਨਾ ਟਰਾਇਲ ਤੋਂ ਬਾਅਦ ਕੀਤੀ ਗਈ।
ਭੁਵਨੇਸ਼ਵਰ ‘ਚ 28 ਨਵੰਬਰ ਤੋਂ 16 ਦਸੰਬਰ ਤਕ ਹੋਣ ਵਾਲੇ ਵਿਸ਼ਵ ਕੱਪ ‘ਚ 14 ਟੀਮਾਂ ਨੂੰ ਚਾਰ ਪੂਲਾਂ ‘ਚ ਵੰਡਿਆ ਗਿਆ ਹੈ। ਪਾਕਿਸਤਾਨ ਦੇ ਪੂਲ ‘ਚ ਜਰਮਨੀ ਅਤੇ ਨੀਦਰਲੈਂਡ ਹੈ। ਮੁਹੰਮਦ ਰਿਜ਼ਵਾਨ ਸੀਨੀਅਰ ਟੀਮ ਦੇ ਕਪਤਾਨ ਅਤੇ ਅੰਮਾਦ ਸ਼ਕੀਲ ਬਟ ਉੱਪ ਕਪਤਾਨ ਹੋਣਗੇ। ਪਾਕਿਸਤਾਨ ਟੀਮ ਵੀਜ਼ਾ ਮਿਲਣ ਤੋਂ ਬਾਅਦ 22 ਜਾਂ 23 ਨਵੰਬਰ ਭਾਰਤ ਲਈ ਰਵਾਨਾ ਹੋਵੇਗੀ।