ਇੰਦੌਰ-ਸੀਨੀਅਰ ਕਾਂਗਰਸੀ ਨੇਤਾ ਰਾਜ ਬੱਬਰ ਨੇ ਅਯੁੱਧਿਆਂ ਵਿਚ ਭਗਵਾਨ ਰਾਮ ਦੇ ਮੰਦਰ ਦੀ ਉਸਾਰੀ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੀ ਨੀਅਤ ’ਤੇ ਸਵਾਲ ਉਠਾਉਂਦਿਆਂ ਵੀਰਵਾਰ ਦੋਸ਼ ਲਾਇਆ ਕਿ ਚੋਣਾਂ ਨੇੜੇ ਆਉਂਦਿਆਂ ਹੀ ਭਾਜਪਾ ਇਸ ਦੇ ਨਾਂ ’ਤੇ ਵੋਟਰਾਂ ਨੂੰ ਠੱਗਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਕਦੇ ਵੀ ਭਗਵਾਨ ਰਾਮ ਨੂੰ ਆਸਥਾ ਦੀ ਨਜ਼ਰ ਨਾਲ ਨਹੀਂ ਦੇਖਿਆ। ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਹਨ, ਭਾਜਪਾ ਰਾਮ-ਨਾਮ ਦਾ ਸਹਾਰਾ ਲੈ ਕੇ ਘੁੰਮਣਾ ਸ਼ੁਰੂ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਮੰਦਰ ਅਸੀਂ ਬਣਾਵਾਂਗੇ ਪਰ ਤਰੀਕ ਨਹੀਂ ਦੱਸਾਂਗੇ। ਲੋਕ ਸਮਝ ਚੁੱਕੇ ਹਨ ਕਿ ਭਾਜਪਾ ਆਗੂਆਂ ਦੇ ਮੂੰਹ ਵਿਚ ਰਾਮ ਤੇ ਬਗਲ ਵਿਚ ਛੁਰੀ ਹੈ। ਉਨ੍ਹਾਂ ਕਿਹਾ ਕਿ ਸਭ ਲੋਕ ਚਾਹੁੰਦੇ ਹਨ ਕਿ ਭਗਵਾਨ ਰਾਮ ਦਾ ਮੰਦਰ ਬਣਨਾ ਚਾਹੀਦਾ ਹੈ। ਮੁਸਲਮਾਨ ਵੀ ਇਹੀ ਚਾਹੁੰਦੇ ਹਨ।