ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਵੱਛ ਈਂਧਨ ਦੀ ਉਪਲੱਬਧਤਾ ਲਈ ਸ਼ਹਿਰੀ ਗੈਸ ਵੰਡ (ਸੀ. ਜੀ. ਡੀ.) ਯਾਨੀ ਕਿ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦਾ ਲਾਭ 129 ਜ਼ਿਲਿਆਂ ਨੂੰ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਵਿੱਖ ਦੇ ਭਾਰਤ ਲਈ ਕਿਸ ਤਰ੍ਹਾਂ ਅੱਜ ਦੇ ਭਾਰਤ ਵਿਚ ਵੱਡੇ ਸੰਕਲਪ ਲੈ ਕੇ ਕੰਮਾਂ ਨੂੰ ਸਿੱਧ ਕੀਤਾ ਜਾ ਰਿਹਾ ਹੈ, ਅੱਜ ਅਸੀਂ ਸਾਰੇ ਉਸ ਦੇ ਗਵਾਹ ਬਣੇ ਹਾਂ। ਦੇਸ਼ ਦੀ ਕਰੀਬ 70 ਫੀਸਦੀ ਆਬਾਦੀ ਨੂੰ ਇਹ ਸਹੂਲਤ ਮਿਲਣ ਦਾ ਰਾਹ ਖੁੱਲ੍ਹ ਜਾਵੇਗਾ। ਦੇਸ਼ ਦੇ 129 ਜ਼ਿਲਿਆਂ ਵਿਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਸਥਾਪਤ ਕਰਨ ਦੇ ਕੰਮਾਂ ਦੀ ਸ਼ੁਰੂਆਤ ਹੋਈ ਹੈ। ਮੋਦੀ ਨੇ ਕਿਹਾ ਕਿ ਅਗਲੇ 2-3 ਸਾਲਾਂ ਵਿਚ 400 ਤੋਂ ਵਧ ਜ਼ਿਲਿਆਂ ਤਕ ਇਸ ਦੀ ਪਹੁੰਚ ਹੋਵੇਗੀ। ਅੱਜ ਦੇਸ਼ ਦੇ 174 ਜ਼ਿਲਿਆਂ ਵਿਚ ਸਿਟੀ ਗੈਸ ਦਾ ਕੰਮ ਚੱਲ ਰਿਹਾ ਹੈ। ਸਾਡਾ ਮੁੱਖ ਟੀਚਾ ਲੋਕਾਂ ਤਕ ਗੈਸ ਦੀ ਸਪਲਾਈ ਕਰਨਾ ਹੈ। ਇਸ ਨਾਲ 2 ਕਰੋੜ ਪਰਿਵਾਰਾਂ ਨੂੰ ਲਾਭ ਮਿਲੇਗਾ। ਸਾਨੂੰ ਦੁਨੀਆ ਨੂੰ ਇਹ ਦਿਖਾਉਣਾ ਹੈ ਕਿ ਬਿਨਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਵੀ ਵਿਕਾਸ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਜੇਕਰ ਮੈਂ ਕਹਾਂ ਕਿ ਸਾਲ 2014 ਵਿਚ ਦੇਸ਼ ਦੇ ਲੋਕਾਂ ਨੇ ਸਿਰਫ ਸਰਕਾਰ ਹੀ ਨਹੀਂ ਬਦਲੀ, ਸਗੋਂ ਕਿ ਸਰਕਾਰ ਦੀ ਕਾਰਜਸ਼ੈਲੀ, ਯੋਜਨਾਵਾਂ ਨੂੰ ਲਾਗੂ ਕਰਨ ਦਾ ਤਰੀਕਾ ਵੀ ਬਦਲ ਦਿੱਤਾ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। ਘਰੇਲੂ ਗੈਸ ਦਾ ਕਵਰੇਜ਼ ਦਾ ਜੋ ਦਾਇਰਾ 2014 ਵਿਚ ਸਿਰਫ 55 ਫੀਸਦੀ ਸੀ, ਹੁਣ ਵਧ ਕੇ ਲੱਗਭਗ 90 ਫੀਸਦੀ ਹੋ ਗਿਆ। 2014 ਤਕ ਦੇਸ਼ ਵਿਚ 13 ਕਰੋੜ ਐੱਲ. ਪੀ. ਜੀ. ਕੁਨੈਕਸ਼ਨ ਦਿੱਤੇ ਗਏ ਸਨ, ਯਾਨੀ ਕਿ 60 ਸਾਲ ਵਿਚ 13 ਕਰੋੜ ਕੁਨੈਕਸ਼ਨ। ਦੇਸ਼ ‘ਚ ਸਾਰੇ ਸਾਧਨ ਉਹ ਹੀ ਹਨ, ਲੋਕ ਉਹ ਹੀ ਹਨ ਪਰ ਪਿਛਲੇ 4 ਸਾਲਾਂ ਵਿਚ ਲੱਗਭਗ 12 ਕਰੋੜ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਸਾਫ ਊਰਜਾ ਲਈ ਸਰਕਾਰ ਦੀ ਕੋਸ਼ਿਸ਼ ਦਾ ਵਿਸਥਾਰ ਬਹੁਤ ਵਿਆਪਕ ਹੈ। ਸਾਡੀ ਖੇਤੀਬਾੜੀ ਵਿਵਸਥਾ ਨਾਲ ਜੋ ਰਹਿੰਦ-ਖੂੰਹਦ ਨਿਕਲਦੀ ਹੈ, ਉਸ ਨਾਲ ਕੰਪਰੈਸ ਬਾਇਓਗੈਸ ਬਣਾਉਣ ਦੀ ਦਿਸ਼ਾ ਵਿਚ ਵੀ ਮੁਹਿੰਮ ਸਰਕਾਰ ਨੇ ਸ਼ੁਰੂ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਪ੍ਰਾਜੈਕਟ 300 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਵੇਗਾ, ਜਿਸ ਦੇ ਤਹਿਤ ਪੀ. ਐੱਨ. ਜੀ. ਗੈਸ ਪਾਈਪਲਾਈਨ ਵਿਛਾਉਣ ਦਾ ਕੰਮ ਸ਼ਹਿਰ-ਸ਼ਹਿਰ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਜ਼ਿੰਮੇਵਾਰੀ ਇੰਡੀਅਨ ਆਇਲ ਅਤੇ ਅਦਾਨੀ ਗਰੁੱਪ ਨੂੰ ਮਿਲੀ ਹੈ। ਕੰਪਨੀ ਨੂੰ ਬੁਲੰਦਸ਼ਹਿਰ ਤੋਂ ਇਲਾਵਾ ਅਲੀਗੜ੍ਹ ਅਤੇ ਹਾਥਰਸ ਨੂੰ ਵੀ ਕਮਾਨ ਮਿਲੀ ਹੈ। ਪ੍ਰਾਜੈਕਟ ਦੇ ਅਧੀਨ 129 ਜ਼ਿਲਿਆਂ ਵਿਚ 65 ਭੁਗੋਲਿਕ ਖੇਤਰਾਂ ਵਿਚ ਕੰਮ ਦੀ ਸ਼ੁਰੂਆਤ ਹੋਵੇਗੀ। ਇਸ ਵਿਚ ਅਗਲੇ 8 ਸਾਲਾਂ ਵਿਚ ਕਰੀਬ 1.43 ਲੱਖ ਪੀ. ਐੱਨ. ਜੀ. ਕੁਨੈਕਸ਼ਨ, 46 ਸੀ. ਐੱਨ. ਜੀ. ਪੰਪਾਂ ਦੀ ਸਥਾਪਨਾ ਅਤੇ 1662 ਇੰਚ-ਕਿਲੋਮੀਟਰ ਦੀ ਪਾਈਪ ਲਾਈਨ ਸ਼ਾਮਲ ਹੈ।