ਅਹਿਮਦਾਬਾਦ – ਸੱਟ ਕਾਰਨ ਲਗਭਗ ਦੋ ਮਹੀਨਿਆਂ ਤੋਂ ਟੀਮ ਇੰਡੀਆ ‘ਚੋਂ ਬਾਹਰ ਰਹੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇੱਕ ਵਾਰ ਫ਼ਿਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ, ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਆਸਟਰੇਲੀਆ ਵਿੱਚ ਆਗਾਮੀ ਜਨਵਰੀ ਵਿੱਚ ਹੋਣ ਵਾਲੀ ਇੱਕ ਦਿਨਾ ਸੀਰੀਜ਼ ਤਕ ਉਸ ਦੀ ਟੀਮ ਵਿੱਚ ਨਿਸ਼ਚਿਤ ਤੌਰ ‘ਤੇ ਵਾਪਸੀ ਹੋ ਜਾਵੇਗੀ। ਹਾਰਦਿਕ ਨੇ ਇੱਥੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਉਹ ਮੁੰਬਈ ਵਿੱਚ ਨਿੱਜੀ ਤੌਰ ‘ਤੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਅਭਿਆਸ ਕਰ ਚੁੱਕਾ ਹੈ। ਉਹ ਜਲਦ ਤੋਂ ਜਲਦ ਟੀਮ ਵਿੱਚ ਵਾਪਸੀ ਕਰਨਾ ਚਾਹੁੰਦਾ ਹੈ, ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਜਨਵਰੀ ਵਿੱਚ ਆਸਟਰੇਲੀਆ ਵਿੱਚ ਵਨ ਡੇ ਲੜੀ ਲਈ ਉਹ ਟੀਮ ਵਿੱਚ ਹੋਵੇਗਾ।
ਉਸ ਨੇ ਕਿਹਾ ਕਿ ਗੇਂਦਬਾਜ਼ੀ ਦਾ ਅਭਿਆਸ ਚੰਗਾ ਚੱਲ ਰਿਹਾ ਹੈ, ਅਤੇ ਉਮੀਦ ਹੈ ਕਿ ਉਸ ਦੀ ਵਾਪਸੀ ਵੀ ਜ਼ਬਰਦਸਤ ਹੋਵੇਗੀ। ਉਹ ਟੈੱਸਟ ਅਤੇ ਟੀ-20 ਮੈਚਾਂ ਦਾ ਇੱਕ ਦਰਸ਼ਕ ਦੀ ਤਰ੍ਹਾਂ ਮਜ਼ਾ ਲਵੇਗਾ। ਆਸਟਰੇਲੀਆ ਤੇ ਭਾਰਤ ਦੋਵੇਂ ਹੀ ਟੀਮਾਂ ਮਜ਼ਬੂਤ ਹਨ, ਪਰ ਜਿੱਤ ਉਸ ਟੀਮ ਦੀ ਹੀ ਹੋਵੇਗੀ ਜਿਹੜੀ ਬਿਹਤਰੀਨ ਪ੍ਰਦਰਸ਼ਨ ਕਰੇਗੀ।