ਨਵੀਂ ਦਿੱਲੀ— ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਭਾਰਤ ਸਰਕਾਰ ਇਕ ਹਾਈ ਪਾਵਰ ਦੂਰਬੀਨ ਲਗਾਏਗੀ, ਤਾਂ ਕਿ ਸ਼ਰਧਾਲੂ ਕਰਤਾਰਪੁਰ ਸਾਹਿਬ ਨੂੰ ਹੋਰ ਨੇੜੇ ਦੇਖ ਸਕਣ। ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਗੁਰਦਾਸਪੁਰ ਜ਼ਿਲੇ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਹਾਈ ਪਾਵਰ ਟੈਲੀਸਕੋਪ ਲਾਈ ਜਾਵੇਗੀ ਤਾਂ ਕਿ ਸਿੱਖ ਸ਼ਰਧਾਲੂ ਸਰਹੱਦ ਦੇ ਉਸ ਪਾਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਸਾਲ ਕਰਤਾਰਪੁਰ ਵਿਚ ਹੀ ਬਿਤਾਏ ਸਨ।
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਇਕ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਹੈ। ਵਿੱਤ ਮੰਤਰੀ ਅਤੇ ਸੱਭਿਆਚਾਰ ਰਾਜ ਮੰਤਰੀ ਇਸ ਕਮੇਟੀ ਦੇ ਮੈਂਬਰ ਹਨ। ਇਸ ਕਮੇਟੀ ਦੀ ਦੇਖ-ਰੇਖ ‘ਚ ਦੇਸ਼-ਵਿਦੇਸ਼ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਸਮਾਰੋਹਾਂ ਦਾ ਆਯੋਜਨ ਕੀਤਾ ਜਾਵੇਗਾ। ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
ਵਿਸ਼ੇਸ਼ ਰੇਲਗੱਡੀ ਵੀ ਚਲਾਏਗਾ ਕੇਂਦਰ :
ਵਿਭਾਗਾਂ ਨੂੰ ਮਿਲੀ ਜਿੰਮੇਵਾਰੀ ਤਹਿਤ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਾਈ ਪਾਵਰ ਟੈਲੀਸਕੋਪ ਲਾਈ ਜਾਵੇਗੀ, ਜਦੋਂ ਕਿ ਰੇਲ ਮੰਤਰਾਲਾ ਵੱਲੋਂ ਦੇਸ਼ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ। ਵਿੱਤ ਮੰਤਰਾਲਾ ਤੇ ਡਾਕ ਵਿਭਾਗ ਵੱਲੋਂ ਗੁਰੂ ਸਾਹਿਬ ਜੀ ਦੀ ਯਾਦਗਾਰੀ ‘ਚ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੇ ਜਾਣਗੇ।
ਰੇਲ ਮੰਤਰਾਲਾ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਆਧੁਨਿਕ ਸੁਵਿਧਾਵਾਂ ਨਾਲ ਉਨੱਤ ਬਣਾਏਗਾ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਨੂੰ ਵਿਰਾਸਤ ਨਗਰ ਦੇ ਰੂਪ ‘ਚ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਦੇ ਇਲਾਵਾ ਭਾਰਤ ਸਰਕਾਰ ਵੱਲੋਂ ਦੂਰਦਰਸ਼ਨ ‘ਤੇ ਗੁਰੂਬਾਣੀ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਉਹ ਰਾਜ ਸਭਾ ਅਤੇ ਲੋਕ ਸਭਾ ਸਕੱਤਰੇਤ ਨੂੰ ਵੀ ਰਾਜ ਸਭਾ ਟੀ. ਵੀ. ਅਤੇ ਲੋਕ ਸਭਾ ਟੀ. ਵੀ. ‘ਤੇ ਅਜਿਹੇ ਲਾਈਵ ਪ੍ਰਾਸਰਣ ਆਯੋਜਨ ਕਰਨ ਦੀ ਅਪੀਲ ਕਰੇਗੀ।