ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਐਤਵਾਰ ਨੂੰ ਬਰਫਬਾਰੀ ਹੋਣ ਕਾਰਨ 434 ਕਿਲੋਮੀਟਰ ਲੰਬਾ ਸ਼੍ਰੀਨਗਰ-ਲੇਹ ਰਾਸ਼ਟਰੀ ਹਾਈਵੇਅ ਨੂੰ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਇਕੋ-ਇਕ ਰਾਸ਼ਟਰੀ ਹਾਈਵੇਅ ਅਤੇ ਇਤਿਹਾਸਕ ਮੁਗ਼ਲ ਰੋਡ ‘ਤੇ ਇਕ ਪਾਸੇ ਤੋਂ ਵਾਹਨਾਂ ਦੀ ਆਵਾਜਾਈ ਹੋ ਰਹੀ ਹੈ। ਟ੍ਰੈਫਿਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਰਾਸ਼ਟਰੀ ਹਾਈਵੇਅ ‘ਤੇ ਐਤਵਾਰ ਨੂੰ ਬਰਫਬਾਰੀ ਹੋਈ, ਜਿਸ ਕਾਰਨ ਸੜਕ ‘ਤੇ ਫਿਸਲਣ ਹੋ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਸਾਵਧਾਨੀ ਦੇ ਤੌਰ ‘ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ‘ਤੇ ਵੱਖ-ਵੱਖ ਥਾਵਾਂ ‘ਤੇ ਖਾਸ ਕਰ ਕੇ ਜੋਜਿਲਾ ਅਤੇ ਮੀਨਮਾਰਗ ਵਿਚ ਫਸੇ ਟਰੱਕਾਂ ਅਤੇ ਤੇਲ ਟੈਂਕਰਾਂ ਨੂੰ ਕੱਢਣ ਲਈ ਤੜਕੇ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਈਵੇਅ ਦੀ ਦੇਖ-ਰੇਖ ਕਰਨ ਵਾਲਾ ਸੀਮਾ ਸੜਕ ਸੰਗਠਨ (ਬੀ. ਆਰ. ਓ.) ਸੜਕ ਦੀ ਮੁਰੰਮਤ ਦੇ ਕੰਮ ਵਿਚ ਜੁਟਿਆ ਹੋਇਆ ਹੈ। ਇਸ ਤਰ੍ਹਾਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨੂੰ ਜੰਮੂ-ਕਸ਼ਮੀਰ ਖੇਤਰ ਦੇ ਰਾਜੌਰੀ ਅਤੇ ਪੁੰਛ ਨੂੰ ਜੋੜਨ ਵਾਲੀ 86 ਕਿਲੋਮੀਟਰ ਲੰਬੀ ਇਤਿਹਾਸਕ ਮੁਗ਼ਲ ਰੋਡ ਵੀ ਵਾਹਨਾਂ ਦੀ ਆਵਾਜਾਈ ਲਈ ਇਕ ਪਾਸਿਓਂ ਖੁੱਲ੍ਹਿਆ ਹੈ। ਸ਼ੋਪੀਆਂ ਤੋਂ ਪੀਰ ਕੀ ਗਲੀ ਵੱਲ ਵਾਹਨ ਚਲਣਗੇ ਪਰ ਦੂਜੇ ਪਾਸੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ।