ਅੰਮ੍ਰਿਤਸਰ ਹਮਲੇ ਮਗਰੋਂ ਦਿੱਲੀ-ਹਰਿਆਣਾ ‘ਚ ਅਲਰਟ ਜਾਰੀ

ਦਿੱਲੀ/ਹਰਿਆਣਾ — ਅੰਮ੍ਰਿਤਸਰ ‘ਚ ਐਤਵਾਰ ਨੂੰ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ‘ਚ ਅੱਤਵਾਦੀ ਹਮਲਾ ਹੋਣ ਮਗਰੋਂ ਦਿੱਲੀ ਅਤੇ ਹਰਿਆਣਾ ‘ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕਾਂ ਦੇ ਜ਼ਖਮੀ ਹੋ ਗਏ ਹਨ। ਨਿਰੰਕਾਰੀ ਭਵਨ ਵਿਚ ਜਿਸ ਸਮੇਂ ਇਹ ਹਮਲਾ ਹੋਇਆ, ਉਸ ਦੌਰਾਨ ਸਤਿਸੰਗ ਹੋ ਰਿਹਾ ਸੀ। ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗ੍ਰੇਨੇਡ ਸੁੱਟਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨਾਂ ਮੌਕੇ ਤੋਂ ਫਰਾਰ ਹੋ ਗਏ।
ਇਸ ਹਮਲੇ ਮਗਰੋਂ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਨਾਲ-ਨਾਲ ਦਿੱਲੀ ਅਤੇ ਹਰਿਆਣਾ ਵਿਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਅੱਤਵਾਦੀਆਂ ਦੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਭਰ ‘ਚ ਅਲਰਟ ਜਾਰੀ ਕੀਤਾ ਗਿਆ ਸੀ। ਅਲਰਟ ਦੇ ਬਾਵਜੂਦ ਵੀ ਹਮਲਾ ਹੋਣਾ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨਾ ਲਗਾ ਦਿੱਤਾ ਹੈ।