ਨਵੀਂ ਦਿੱਲੀ — ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ‘ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਮੁਲਜ਼ਮ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਨ੍ਹਾਂ ਦੰਗਿਆਂ ਦੀ ਇਕ ਅਹਿਮ ਗਵਾਹ ਚਾਮ ਕੌਰ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਸੱਜਣ ਕੁਮਾਰ ਦੀ ਪਛਾਣ ਕੀਤੀ। ਜਸਟਿਸ ਪੂਨਮ ਭਾਂਬਾ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਚਾਮ ਕੌਰ ਨੇ ਸਾਬਕਾ ਸੰਸਦ ਮੈਂਬਰ ਦੀ ਪਛਾਣ ਕਰਦੇ ਹੋਏ ਕਿਹਾ ਕਿ ਇਹ ਉਹ ਵਿਅਕਤੀ ਹੈ, ਜਿਸ ਨੇ ਭੀੜ ਨੂੰ ਉਕਸਾਇਆ ਸੀ।
ਚਾਮ ਕੌਰ ਨੇ ਅਦਾਲਤ ਵਿਚ ਗਵਾਹੀ ਦਿੱਤੀ ਕਿ ਉਹ ਸੱਜਣ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਦੋਂ ਉਹ ਵਿਧਾਇਕ ਜਾਂ ਸੰਸਦ ਮੈਂਬਰ ਸੀ ਤਾਂ ਰਾਸ਼ਨ ਕਾਰਡ, ਪਾਸਪੋਰਟ ਆਦਿ ਦੇ ਕਾਗਜ਼ਾਂ ‘ਤੇ ਮੋਹਰ ਲਵਾਉਣ ਲਈ ਜਾਂਦੇ ਸੀ। ਉਸ ਨੇ ਅੱਗੇ ਹੋਰ ਸਿੱਖਾਂ ਦੇ ਉਸੇ ਦਿਨ ਮਾਰੇ ਜਾਣ ਬਾਰੇ ਬਿਆਨ ਦਿੱਤਾ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਹੋਰ ਗਵਾਹ ਸ਼ੀਲਾ ਕੌਰ ਵੀ ਸੱਜਣ ਕੁਮਾਰ ਦੀ ਪਛਾਣ ਕਰ ਚੁੱਕੀ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ। ਇਸ ਮਾਮਲੇ ‘ਚ ਸੱਜਣ ਅਤੇ 2 ਹੋਰ ਮੁਲਜ਼ਮ ਹੱਤਿਆ ਅਤੇ ਦੰਗਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਦੱਸਣਯੋਗ ਹੈ ਕਿ ਪਟਿਆਲਾ ਹਾਊਸ ਅਦਾਲਤ ਨੇ ਹੀ ਬੁੱਧਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ 2 ਲੋਕਾਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ, ਜਿਨ੍ਹਾਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੀ ਸਜ਼ਾ ਨੂੰ ਲੈ ਕੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ ਅਤੇ 20 ਨਵੰਬਰ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।