ਚੇਨਈ — ਦੱਖਣੀ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਾਂ ‘ਤੇ ਭਾਰੀ ਤਬਾਹੀ ਮਚਾਉਣ ਤੋਂ ਬਾਦਅ ਚੱਕਰਵਾਤੀ ਤੂਫਾਨ ‘ਗਾਜਾ’ ਦੀ ਰਫਤਾਰ ਹੁਣ ਹੌਲੀ-ਹੌਲੀ ਘੱਟ ਹੋ ਰਹੀ ਹੈ। ਤਿੰਨ ਦਿਨਾਂ ਤੋਂ ਬੰਦ ਰਾਮੇਸ਼ਵਰ-ਧਨੁਸ਼ਕੋਡੀ ਰੋਡ ਨੂੰ ਸ਼ਨੀਵਾਰ ਨੂੰ ਖੋਲ੍ਹਿਆ ਗਿਆ। ਹੁਣ ਤਕ ਇਸ ਚੱਕਰਵਾਤੀ ਤੂਫਾਨ ਕਾਰਨ 23 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਕਰੀਬ 80,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।
ਤੂਫਾਨ ਕਾਰਨ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ ਹੈ, ਤਾਂ ਉੱਥੇ ਹੀ ਮੋਬਾਇਲ ਸਿਗਨਲ ਨਾ ਹੋਣ ਕਾਰਨ ਸਮੱਸਿਆ ਹੋਰ ਵਧ ਗਈ ਹੈ। ਹਵਾਵਾਂ ਦੇ ਰੁਕਣ ਤੋਂ ਬਾਅਦ ਰਾਹਤ ਕੰਮ ਵੀ ਤੇਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਕਈ ਥਾਵਾਂ ‘ਤੇ ਸੜਕਾਂ ‘ਤੇ ਦਰੱਖਤ ਡਿੱਗੇ ਹੋਏ ਹਨ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਚਾਅ ਅਤੇ ਰਾਹਤ ਕੰਮਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਉੱਚਿਤ ਗਿਣਤੀ ਵਿਚ ਰਾਹਤ ਕੈਂਪਾਂ ਦੀ ਵਿਵਸਥਾ ਕੀਤੀ ਗਈ ਹੈ।
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੱਕਰਵਾਤ ਗਾਜਾ ਤੋਂ ਪ੍ਰਭਾਵਿਤ ਤਾਮਿਲਨਾਡੂ ਦੇ ਲੋਕਾਂ ਨੂੰ ਸਾਰੀ ਜ਼ਰੂਰੀ ਮਦਦ ਪ੍ਰਦਾਨ ਕੀਤੀ ਜਾਵੇਗੀ। ਮੋਦੀ ਨੇ ਮੁੱਖ ਮੰਤਰੀ ਕੇ. ਪਲਨਿਸਾਮੀ ਨਾਲ ਗੱਲ ਕੀਤੀ ਹੈ ਅਤੇ ਚੱਕਰਵਾਤ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।