ਚੰਡੀਗੜ – ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਸੀਂ ਪੰਜਾਬ ਦੇ ਹੇਠ ਲਿਖੇ ਵਿਧਾਇਕ ਗੁਰਦਾਸਪੁਰ ਜਿਲੇ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਈ ਵਿਸ਼ੇਸ਼ ਲਾਂਘਾ ਬਣਾਏ ਜਾਣ ਦੀ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਦੀ ਪੁਰਜੋਰ ਮੰਗ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਭਾਂਵੇ ਕਿ ਵਿਸ਼ਵ ਭਰ ਵਿੱਚ ਵੱਸਦੇ ਗੁਰੁ ਨਾਨਕ ਨਾਮ ਲੇਵਾ ਉੱਪਰ ਦੱਸੇ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਥੇ ਕਿ ਸਾਡੇ ਪਹਿਲੇ ਗੁਰੂ ਜੀ ਨੇ ੧੮ ਸਾਲ ਬਿਤਾਏ ਸਨ, ਲਈ ਪੱਕੇ ਲਾਂਘੇ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਪਰੰਤੂ ਸੰਨ ੨੦੧੯ ਵਿੱਚ ੫੫੦ਵੇ ਜਨਮ ਦਿਹਾੜੇ ਦੇ ਸਮਾਰੋਹਾਂ ਕਾਰਨ ਹੁਣ ਇਸ ਮੰਗ ਨੇ ਹੋਰ ਜਿਆਦਾ ਜੋਰ ਫੜਿਆ ਹੈ।
ਜਿਵੇਂ ਕਿ ਉੱਪਰ ਦੱਸਿਆ ਹੈ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਅੰਤਰਰਾਸ਼ਟਰੀ ਬਾਰਡਰ ਤੋਂ ਸਿਰਫ ਦੋ ਮੀਲ ਦੂਰ ਹੈ, ਜਿਸ ਦੇ ਦਰਸ਼ਨ ਲੋਕਾਂ ਦੁਆਰਾ ਇੰਡੋ-ਪਾਕ ਸਰਹੱਦ ਉੱਪਰ ਡੇਰਾ ਬਾਬਾ ਨਾਨਕ ਵਿਖੇ ਬਣਾਏ ਗਏ ਇੱਕ ਵਿਸ਼ੇਸ਼ ਪਲੇਟਫਾਰਮ ਤੋਂ ਦੂਰਬੀਨ ਰਾਹੀਂ ਕੀਤੇ ਜਾਂਦੇ ਹਨ। ਬੰਟਵਾਰੇ ਤੋਂ ਬਾਅਦ ਭਾਰਤ ਤੋਂ ਬਾਹਰ ਰਹਿ ਗਏ ਨਨਕਾਨਾ ਸਾਹਿਬ ਸਮੇਤ ਅਜਿਹੇ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਸਬੰਧੀ ਰੋਜਾਨਾ ਅਰਦਾਸ ਵਿੱਚ ਬੇਨਤੀ ਕੀਤੀ ਜਾਂਦੀ ਹੈ।
ਦੱਸਣ ਦੀ ਲੋੜ ਨਹੀਂ ਕਿ ਬਹਾਦੁਰ ਸਿੱਖਾਂ ਅਤੇ ਪੰਜਾਬੀਆਂ ਨੇ ਨਾ ਸਿਰਫ ੧੯੪੭ ਵਿੱਚ ਬੰਟਵਾਰੇ ਸਮੇਂ ਭਾਰਤ ਦਾ ਸਾਥ ਦਿੱਤਾ ਬਲਕਿ ਅਜਾਦੀ ਦੇ ਸੰਘਰਸ਼ ਵਿੱਚ ਅਹਿਮ ਯੋਗਦਾਨ ਦਿੱਤਾ। ਇਹ ਤੱਥ ਹੈ ਕਿ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਅਜਾਦੀ ਘੁਲਾਟੀਆਂ ਵਿੱਚੋਂ ੯੦ ਫੀਸਦੀ ਪੰਜਾਬੀ ਸਨ। ਇਸੇ ਤਰਾਂ ਹੀ ਬੰਟਵਾਰੇ ਤੋਂ ਪਹਿਲਾਂ ਅਜਾਦੀ ਸੰਘਰਸ਼ਾਂ, ਮੋਰਚਿਆਂ, ਗ੍ਰਿਫਤਾਰੀਆਂ ਦੇਣ ਆਦਿ ਵਿੱਚ ਉਹ ਮੁਹਰੀ ਰਹੇ। ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਬੰਟਵਾਰੇ ਤੋਂ ਬਾਅਦ ਵੀ ਅੋਖੇ ਸਮਿਆਂ ਵਿੱਚ ਵੀ ਸਿੱਖ ਅਤੇ ਪੰਜਾਬੀ ਆਪਣੀਆਂ ਜਾਨਾਂ ਵਾਰਨ ਤੋਂ ਪਿੱਛੇ ਨਹੀਂ ਹੱਟੇ, ਚਾਹੇ ਇਹ ਪਾਕਿਸਤਾਨ ਨਾਲ ਜੰਗਾਂ ਹੋਣ, ਚੀਨੀ ਹਮਲਾ, ਕਾਰਗਿਲ ਯੁੱਧ ਜਾਂ ਫਿਰ ਅੰਦਰੂਨੀ ਲੜਾਈਆਂ ਵਿੱਚ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣਾ ਹੋਵੇ। ਇਸ ਲਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਰਤ ਨੂੰ ਅਜਾਦ ਕਰਵਾਉਣ ਵਿੱਚ ਉਪਰੋਕਤ ਯੋਗਦਾਨ ਅਦਾ ਕਰਨ ਵਾਲੇ ਪੰਜਾਬੀਆਂ ਨੂੰ ਬਿਨਾਂ ਕਿਸੇ ਰੁਕਾਵਟ ਜਾਂ ਕਾਨੂੰਨੀ ਰੋਕ ਟੋਕ ਦੇ ਉਕਤ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਨਮਾਨਯੋਗ ਲਾਂਘਾ ਦੇ ਕੇ ਤੁਸੀਂ ਆਪਣੀ ਫਰਾਖਦਿਲੀ ਦਿਖਾਉਗੇ।
ਇਸ ਤੋਂ ਪਹਿਲਾਂ ਵੀ ੧੯੬੨ ਵਿੱਚ ਹੁਸੈਨੀਵਾਲਾ (ਪੰਜਾਬ) ਵਿਖੇ ਸਥਿਤ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਅੰਤਿਮ ਸੰਸਕਾਰ ਸਥਾਨ ਸਬੰਧੀ ਭਾਰਤ ਅਤੇ ਪਾਕਿਸਤਾਨ ਵਿੱਚ ਜਮੀਨੀ ਅਦਲਾ ਬਦਲੀ ਹੋ ਚੁੱਕੀ ਹੈ। ਕੋਰੀਡੋਰ ਸਬੰਧੀ ਸਾਡੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪਾਕਿਸਤਾਨ ਦੇ ਨਵੇਂ ਬਣੇ ਪਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਹੋਰ ਬਲ ਮਿਲਿਆ ਹੈ ਜਿਹਨਾਂ ਨੇ ਕਿ ਕੋਰੀਡੋਰ ਨੂੰ ਮਨਜੂਰੀ ਦਿੱਤੇ ਜਾਣ ਵਿੱਚ ਦਿਲਚਸਪੀ ਦਿਖਾਈ ਹੈ। ਜਾਣਕਾਰੀ ਮੁਤਾਬਿਕ ੫੫੦ਵੇ ਜਨਮ ਦਿਹਾੜੇ ਦੇ ਸਮਾਰੋਹਾਂ ਨੂੰ ਲੈ ਕੇ ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਸਿੱਕੇ ਵੀ ਜਾਰੀ ਕਰਨ ਜਾ ਰਹੀ ਹੈ।
ਸਾਨੂੰ ਸਾਰਿਆਂ ਨੂੰ ਪੂਰਾ ਯਕੀਨ ਹੈ ਕਿ ਜੇਕਰ ਇਸ ਸਮੇਂ ਪਾਕਿਸਤਾਨ ਸਰਕਾਰ ਨਾਲ ਦੋ ਪੱਖੀ ਗੱਲ ਤੋਰੀ ਜਾਂਦੀ ਹੈ ਤਾਂ ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚਾਲੇ ਵਿਸ਼ੇਸ਼ ਕੋਰੀਡੋਰ ਬਣਾਇਆ ਜਾਣਾ ਮੁਮਕਿਨ ਹੈ। ਜੇਕਰ ਇਹ ਕਦਮ ਚੁਕਿਆ ਜਾਂਦਾ ਹੈ ਤਾਂ ਇਹ ਨਾ ਸਿਰਫ ਸਿੱਖਾਂ ਅਤੇ ਗੁਰੂ ਨਾਨਕ ਨਾਮ ਲੇਵਾ ਨੂੰ ਬਲਕਿ ਭਾਰਤ ਦੇ ਸਾਰੇ ਸਹੀ ਸੋਚ ਦੇ ਵਿਅਕਤੀਆਂ ਵਿੱਚ ਖੁਸ਼ੀ ਦੀ ਲਹਿਰ ਦੋੜੇਗੀ। ਦੋਨਾਂ ਮੁਲਕਾਂ ਦੇ ਇਸ ਫਰਾਖਦਿਲੀ ਵਾਲੇ ਕਦਮ ਨਾਲ ਭਾਰਤ ਅਤੇ ਪਾਕਿਸਤਾਨ ਵਿਚਲੇ ਰਿਸ਼ਤੇ ਸੁਧਰਣਗੇ ਅਤੇ ਸਰਹੱਦਾਂ ਦੇ ਦੁਆਲੇ ਭਾਈਚਾਰਾ, ਸ਼ਾਂਤੀ ਅਤੇ ਤਰੱਕੀ ਹੋਵੇਗੀ।
ਇਸ ਲਈ ਸਾਡੀ ਤੁਹਾਡੇ ਕੋਲ ਪੁਰਜੋਰ ਬੇਨਤੀ ਹੈ ਕਿ ਵਿਸ਼ੇਸ਼ ਕੋਰੀਡੋਰ ਦੀ ਸਾਡੀ ਇਸ ਮੰਗ ਨੂੰ ਬਿਨਾਂ ਦੇਰੀ ਕੀਤੇ ਪਾਕਿਸਤਾਨ ਕੋਲ ਉਠਾਇਆ ਜਾਵੇ। ਅਸੀਂ ਤੁਹਾਡੇ ਅਤਿ ਧੰਨਵਾਦੀ ਹੋਵਾਂਗੇ ਜੇਕਰ ਇਸ ਗੰਭੀਰ ਮੁੱਦੇ ਲਈ ਤੁਸੀਂ ਸਾਨੂੰ ਜਲਦ ਤੋਂ ਜਲਦ ਮਿਲਣ ਦਾ ਸਮਾਂ ਦੇਵੋ।