ਚੇਨੱਈ – ਵੈੱਸਟ ਇੰਡੀਜ਼ ਦੇ ਟੀ-20 ਕਪਤਾਨ ਕਾਰਲੋਸ ਬਰੈਥਵੇਟ ਨੇ ਮੰਨਿਆ ਕਿ 0-3 ਨਾਲ ਹਾਰਨਾ ਨਮੋਸ਼ੀਜਨਕ ਹੈ ਅਤੇ ਨਾਲ ਹੀ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਲੜੀ ਵਿੱਚ ਉਸ ਦੀ ਟੀਮ ਨੇ ਜੋ ਜੁਝਾਰੂਪਣ ਵਿਖਾਇਆ, ਉਹ ਵੀ ਘੱਟ ਨਹੀਂ। ਭਾਰਤ ਨੇ ਇੱਥੇ ਆਖ਼ਰੀ ਟੀ-20 ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫ਼ੇਰ ਦਿੱਤਾ ਹੈ। ਬਰੈਥਵੇਟ ਨੇ ਮੈਚ ਮਗਰੋਂ ਮੀਡੀਆ ਨੂੰ ਕਿਹਾ, ”ਮੇਰੇ ਕਹਿਣ ਦਾ ਮਤਲਬ ਹੈ ਕਿ 3-0 ਬੁਰਾ ਲਗਦਾ ਹੈ ਅਤੇ ਕਪਤਾਨ ਵਜੋਂ ਇਹ ਮੇਰੇ ਲਈ ਨਮੋਸ਼ੀਜਨਕ ਹੈ, ਪਰ ਅਸੀਂ ਜੋ ਪ੍ਰਦਰਸ਼ਨ ਕੀਤਾ ਅਤੇ ਟੱਕਰ ਦਿੱਤੀ, ਇਹ ਦੇਖਦਿਆਂ ਕਿ ਅਸੀਂ ਸੀਮਤ ਸਾਧਨਾਂ ਵਿੱਚ ਆਪਣੀ ਸਰਵੋਤਮ ਸਮਰੱਥਾ ਵਿਖਾਉਣੀ ਸੀ, ਮੇਰਾ ਖ਼ਿਆਲ ਹੈ ਕਿ ਇਹ ਸਾਡੇ ਪ੍ਰਦਰਸ਼ਨ ਦੀ ਪਛਾਣ ਰਹੀ।” ਬਰੈਥਵੇਟ ਨੇ ਨੌਜਵਾਨ ਬੱਲੇਬਾਜ਼ ਨਿਕੋਲਸ ਪੂਰਨ ਦੀ ਪ੍ਰਸ਼ੰਸਾ ਕੀਤੀ ਜਿਸ ਨੇ 25 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ।