ਰਾਜਸਥਾਨ ‘ਚ ਇਕ ਭਾਜਪਾ ਵਿਧਾਇਕ ਨੇ ਛੱਡੀ ਪਾਰਟੀ

ਜੈਪੁਰ— ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਮਿਲਣ ‘ਤੇ ਭਾਰਤੀ ਜਨਤਾ ਪਾਰਟੀ ਦੇ ਇਕ ਮੌਜੂਦਾ ਵਿਧਾਇਕ ਨੇ ਵੀਰਵਾਰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ।
ਮਿਲੀਆਂ ਖਬਰਾਂ ਮੁਤਾਬਕ ਸ਼੍ਰੀ ਡੂੰਗਰਗੜ੍ਹ ਤੋਂ ਭਾਜਪਾ ਦੇ ਵਿਧਾਇਕ ਕਿਸਨਾ ਰਾਮ ਨੇ ਟਿਕਟ ਨਾ ਮਿਲਣ ‘ਤੇ ਪਾਰਟੀ ਛੱਡਣ ਪਿਛੋਂ ਭਾਰਤ ਵਾਹਿਨੀ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਦਾ ਐਲਾਨ ਕੀਤਾ। ਪਾਰਟੀ ਦੇ ਇਕ ਸਾਬਕਾ ਵਿਧਾਇਕ ਅਸ਼ੋਕ ਨਾਗਪਾਲ ਅਤੇ ਕਈ ਹੋਰ ਭਾਜਪਾ ਆਗੂਆਂ ਨੇ ਵੀ ਪਾਰਟੀ ਵਿਰੁੱਧ ਬਗਾਵਤ ਕਰਦਿਆਂ ਪਾਰਟੀ ਤੋਂ ਅਸਤੀਫੇ ਦੇ ਦਿੱਤੇ। ਨਾਗਪਾਲ ਹੁਣ ਸ਼੍ਰੀ ਗੰਗਾਨਗਰ ਤੋਂ ਚੋਣ ਲੜਨਗੇ।