ਭੰਸਾਲੀ ਕਰੇਗਾ ਆਪਣੀ ਭਤੀਜੀ ਤੇ ਜਾਵੇਦ ਜਾਫ਼ਰੀ ਦੇ ਮੁੰਡੇ ਨੂੰ ਲੌਂਚ

ਸੰਜੈ ਲੀਲਾ ਭੰਸਾਲੀ ਆਪਣੀ ਅਗਲੀ ਫ਼ਿਲਮ ਮਲਾਲ ‘ਚ ਦੋ ਨਵੇਂ ਸਿਤਾਰਿਆਂ ਨੂੰ ਲੌਂਚ ਕਰਨ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਉਸ ਦੀ ਆਪਣੀ ਭਤੀਜੀ ਸ਼ਰਮਿਨ ਹੈ ਅਤੇ ਦੂਸਰਾ ਜਾਵੇਦ ਜਾਫ਼ਰੀ ਦਾ ਬੇਟਾ ਮਿਜ਼ਾਨ ਜਾਫ਼ਰੀ …
ਬੌਲੀਵੁਡ ਦਾ ਮਸ਼ਹੂਰ ਫ਼ਿਲਮਸਾਜ਼ ਸੰਜੈ ਲੀਲ ਭੰਸਾਲੀ ਆਪਣੀ ਭਤੀਜੀ ਸ਼ਰਮਿਨ ਸਹਿਗਲ ਨੂੰ ਫ਼ਿਲਮਾਂ ‘ਚ ਲੌਂਚ ਕਰਨ ਜਾ ਰਿਹਾ ਹੈ। ਭੰਸਾਲੀ ਜਲਦੀ ਹੀ ਫ਼ਿਲਮ ਮਲਾਲ ਪ੍ਰੋਡਿਊਸ ਕਰ ਰਿਹਾ ਹੈ। ਇਸ ‘ਚ ਉਸ ਦੀ ਭਤੀਜੀ ਸ਼ਰਮਿਨ ਸਹਿਗਲ ਵੀ ਨਜ਼ਰ ਆਏਗੀ। ਇਸੇ ਫ਼ਿਲਮ ਤੋਂ ਅਦਾਕਾਰ ਜਾਵੇਦ ਜਾਫ਼ਰੀ ਦਾ ਬੇਟਾ ਮਿਜ਼ਾਨ ਜਾਫ਼ਰੀ ਵੀ ਬੌਲੀਵੁਡ ‘ਚ ਆਪਣਾ ਡੈਬਿਓ ਕਰ ਰਿਹਾ ਹੈ। ਦੋਹਾਂ ਨਵੇਂ ਸਿਤਾਰਿਆਂ ਨੇ ਫ਼ਿਲਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਭੰਸਾਲੀ ਨੇ ਰਣਬੀਰ ਕਪੂਰ ਅਤੇ ਸੋਨਮ ਕਪੂਰ ਨੂੰ ਵੀ ਫ਼ਿਲਮ ਸਾਂਵਰੀਆ ਜ਼ਰੀਏ ਲੌਂਚ ਕੀਤਾ ਸੀ। ਭੰਸਾਲੀ ਅਦਾਕਾਰਾ ਪੂਨਮ ਢਿੱਲੋਂ ਦੇ ਬੇਟੇ ਅਨਮੋਲ ਅਤੇ ਪਦਮਨੀ ਕੋਹਲਾਪੁਰੀ ਦੇ ਬੇਟੇ ਪ੍ਰਿਯਾਂਕ ਸ਼ਰਮਾ ਨੂੰ ਵੀ ਫ਼ਿਲਮਾਂ ‘ਚ ਡੈਬਿਓ ਕਰਵਾ ਸਕਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਭੰਸਾਲੀ ਦੀ ਫ਼ਿਲਮ ਪਦਮਾਵਤ ਰਿਲੀਜ਼ ਹੋਈ ਸੀ। ਇਹ ਫ਼ਿਲਮ ਰਿਲੀਜ਼ ਨੂੰ ਲੈ ਕੇ ਕਾਫ਼ੀ ਵਿਵਾਦਾਂ ‘ਚ ਵੀ ਰਹੀ, ਪਰ ਇਸ ਨੇ ਪਰਦੇ ‘ਤੇ ਰਿਕਾਰਡ ਤੋੜ ਕਮਾਈ ਕੀਤੀ।
ਪਦਮਾਵਤ ‘ਚ ਮੁੱਖ ਅਦਾਕਾਰਾ ਦੀ ਭੂਮਿਕਾ ਦੀਪਿਕਾ ਪਾਦੁਕੋਣ ਨੇ ਨਿਭਾਈ ਸੀ ਅਤੇ ਉਸ ਨਾਲ ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਵੀ ਨਜ਼ਰ ਆਏ ਸਨ। ਰਣਵੀਰ ਨੇ ਇਸ ‘ਚ ਨੈਗੇਟਿਵ ਕਿਰਦਾਰ ਨਿਭਾਇਆ ਸੀ ਜਿਸ ਦੀ ਫ਼ਿਲਮ ਆਲੋਚਕਾਂ ਨੇ ਵੀ ਕਾਫ਼ੀ ਤਾਰੀਫ਼ ਕੀਤੀ ਸੀ। ਇਹ ਫ਼ਿਲਮ ਹੁਣ ਤਕ ਕਈ ਐਵਾਰਡ ਜਿੱਤ ਚੁੱਕੀ ਹੈ, ਅਤੇ ਮਹਾਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਨੇ ਵੀ ਕਈ ਐਵਾਰਡ ਇਸ ਫ਼ਿਲਮ ਜ਼ਰੀਏ ਆਪਣੇ ਨਾਂ ਕੀਤੇ ਹਨ।