ਚੇਨੱਈ – ਭਾਰਤ ਦੇ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਆਸਟਰੇਲੀਆ ਦੌਰੇ ਤੋਂ ਪਹਿਲਾਂ ਸ਼ਿਖਰ ਧਵਨ ਦਾ ਲੈਅ ਵਿੱਚ ਆਉਣਾ ਕਾਫ਼ੀ ਮਹੱਤਵਪੂਰਨ ਹੈ। ਵੈੱਸਟ ਇੰਡੀਜ਼ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਪੂਰੀ ਲੜੀ ਦੌਰਾਨ ਜੂਝਣ ਵਾਲੇ ਧਵਨ ਨੇ ਇੱਥੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ 62 ਗੇਂਦਾਂ ਵਿੱਚ 92 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਮਹਿਮਾਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ 3-0 ਨਾਲ ਹੂੰਝਾ ਫ਼ੇਰ ਦਿੱਤਾ।
ਧਵਨ ਅਤੇ ਨੌਜਵਾਨ ਰਿਸ਼ਭ ਪੰਤ (38 ਗੇਂਦਾਂ ਵਿੱਚ 58 ਦੌੜਾਂ) ਨੇ ਤੀਜੀ ਵਿਕਟ ਲਈ 80 ਗੇਂਦਾਂ ਵਿੱਚ 130 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ 182 ਦੌੜਾਂ ਦਾ ਟੀਚਾ ਹਾਸਲ ਕਰਨ ਵਿੱਚ ਸਫ਼ਲ ਰਿਹਾ। ਰੋਹਿਤ ਨੇ ਮੈਚ ਮਗਰੋਂ ਕਿਹਾ, ”ਟੀਮ ਦੇ ਨਜ਼ਰੀਏ ਅਤੇ ਖਿਡਾਰੀਆਂ ਲਈ ਇਹ ਮਹੱਤਵਪੂਰਨ ਸੀ ਕਿ ਆਸਟਰੇਲੀਆ ਦੌਰੇ ਤੋਂ ਪਹਿਲਾਂ ਉਹ ਦੌੜਾਂ ਬਣਾਵੇ। ਸ਼ਿਖਰ ਇੱਕ ਰੋਜ਼ਾ ਲੜੀ ਵਿੱਚ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ, ਪਰ ਉਹ ਵੱਡਾ ਸਕੋਰ ਨਹੀਂ ਖੜ੍ਹਾ ਕਰ ਸਕਿਆ। ਮੈਨੂੰ ਖ਼ੁਸ਼ੀ ਹੈ ਕਿ ਉਹ ਮੈਚ ਜਿਤਾਉਣ ਵਾਲੀ ਪਾਰੀ ਖੇਡਿਆ ਅਤੇ ਮਹੱਤਵਪੂਰਨ ਦੌਰੇ ਤੋਂ ਪਹਿਲਾਂ ਲੈਅ ਹਾਸਲ ਕਰ ਲਈ।” ਭਾਰਤ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਬ੍ਰਿਸਬੇਨ ਵਿੱਚ 21 ਨਵੰਬਰ ਨੂੰ ਤਿੰਨ ਮੈਚਾਂ ਦੀ ਟੀ-20 ਲੜੀ ਦੇ ਨਾਲ ਹੋਵੇਗੀ। ਰੋਹਿਤ ਨੇ ਕਿਹਾ ਕਿ ਆਸਟਰੇਲੀਆ ਦਾ ਦੌਰਾ ਪੂਰੀ ਤਰ੍ਹਾਂ ਵੱਖਰਾ ਹੋਵੇਗਾ। ਭਾਰਤ ਦਾ 3-0 ਦੀ ਜਿੱਤ ਨਾਲ ਹੌਸਲਾ ਵਧਣਾ ਚਾਹੀਦਾ ਹੈ।