ਸੈਂਡਵਿਚ ਦੇਖਦੇ ਹੀ ਸਾਰਿਆਂ ਦੇ ਮੂੰਹ ‘ਚ ਪਾਣੀ ਆਉਣ ਲੱਗਦਾ ਹੈ। ਇਸ ਨੂੰ ਤੁਸੀਂ ਗਰਿਲ ਕਰ ਕੇ ਜਾਂ ਫ਼ਿਰ ਬਿਨ੍ਹਾਂ ਗਰਿਲ ਕੀਤੇ ਸਿੰਪਲ ਤਰੀਕੇ ਨਾਲ ਬਣਾ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਗਰਿਲ ਦਹੀਂ ਵਾਲੇ ਸੈਂਡਵਿਚ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜੋ ਸਾਰਿਆਂ ਨੂੰ ਪਸੰਦ ਆਵੇਗਾ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਹੰਗ ਦਹੀਂ – 210 ਗ੍ਰਾਮ
ਐੱਗਲੈੱਸ ਮੇਯੋਨੇਜ਼ – 75 ਗ੍ਰਾਮ
ਗਾਜਰ – 45 ਗ੍ਰਾਮ
ਗੋਭੀ – 30 ਗ੍ਰਾਮ
ਸ਼ਿਮਲਾ ਮਿਰਚ – 40 ਗ੍ਰਾਮ
ਸਵੀਟ ਕੌਰਨ – 40 ਗ੍ਰਾਮ
ਅਦਰਕ – 1/2 ਚੱਮਚ
ਕਾਲੀ ਮਿਰਚ – 1/2 ਚੱਮਚ
ਨਮਕ – 1 ਚੱਮਚ
ਬਰੈੱਡ ਸਲਾਈਸਿਜ਼
ਮੱਖਣ – ਬਰੱਸ਼ਿੰਗ ਲਈ
ਵਿਧੀ
1. ਬਾਊਲ ਵਿੱਚ ਬਰੈੱਡ ਸਲਾਈਸਿਜ਼ ਤੋਂ ਛੁੱਟ ਬਾਕੀ ਦੀ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਬਰੈੱਡ ਸਲਾਈਸਿਜ਼ ਲੈ ਕੇ ਉਨ੍ਹਾਂ ਦੇ ਕੰਢੇ ਕੱਟ ਲਓ। ਫ਼ਿਰ ਇੱਕ ਬਰੈੱਡ ਸਲਾਈਸ ਲੈ ਕੇ ਇਸ ‘ਤੇ ਤਿਆਰ ਕੀਤਾ ਹੋਇਆ ਮਿਸ਼ਰਣ ਫ਼ੈਲਾਓ। ਹੁਣ ਇਸ ਨੂੰ ਦੂੱਜੇ ਬਰੈੱਡ ਸਲਾਈਸ ਨਾਲ ਕਵਰ ਕਰੋ।
ਇਸ ਨੂੰ ਗਰਿਲ ਪੈਨ ‘ਤੇ ਰੱਖੋ ਅਤੇ ਇਸ ‘ਤੇ ਮੱਖਣ ਫ਼ੈਲਾ ਕੇ ਘੱਟ ਗੈਸ ‘ਤੇ 2-3 ਮਿੰਟ ਤਕ ਸੇਕ ਲਓ। ਫ਼ਿਰ ਇਸ ਨੂੰ ਪਲਟ ਦਿਓ ਅਤੇ ਇਸ ਦੇ ‘ਤੇ ਮੱਖਣ ਫ਼ੈਲਾਓ। ਹੁਣ ਇਸ ਨੂੰ ਘੱਟ ਗੈਸ ‘ਤੇ 2-3 ਮਿੰਟ ਜਾਂ ਓਦੋਂ ਤਕ ਸੇਕੋ ਜਦੋਂ ਤਕ ਇਹ ਸੁਨਹਰੀ ਬਰਾਊਨ ਅਤੇ ਕਰਿਸਪੀ ਨਾ ਹੋ ਜਾਣ।
ਇਸ ਤੋਂ ਬਾਅਦ ਪੈਨ ਤੋਂ ਹਟਾ ਕੇ ਇਸ ਨੂੰ ਅੱਧਾ ਕਰ ਲਓ। ਸੈਂਡਵਿਚ ਬਣ ਕੇ ਤਿਆਰ ਹੈ। ਇਸ ਨੂੰ ਸੌਸ ਨਾਲ ਸਰਵ ਕਰੋ।