ਖਾਣ ਦੇ ਸ਼ੌਕੀਨ ਭਾਰਤੀ ਚੰਗੀ ਖ਼ਾਸੀ ਡਿਸ਼ ਨੂੰ ਆਪਣਾ ਹੀ ਇੱਕ ਵੱਖਰਾ ਟਚ ਦੇਣ ਵਿੱਚ ਵੀ ਮਹਾਰਥ ਰੱਖਦੇ ਹਨ। ਅਜਿਹੀ ਹਾਲਤ ‘ਚ ਇੱਕ ਡਿਸ਼ ਇਸ ਹਫ਼ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਤੰਦੂਰੀ ਮੋਮੋਜ਼। ਉਂਝ ਤੁਸੀਂ ਮੋਮੋਜ਼ ਤਾਂ ਖਾਂਦੇ ਹੀ ਰਹਿੰਦੇ ਹੋਵੋਗੇ, ਪਰ ਇਨ੍ਹਾਂ ਮੋਮੋਜ਼ ਨੂੰ ਟੇਸਟ ਕਰਨ ਤੋਂ ਬਾਅਦ ਤੁਸੀਂ ਬਾਕੀ ਸਭ ਤਰ੍ਹਾਂ ਦੇ ਮੋਮੋਜ਼ ਭੁੱਲ ਹੀ ਜਾਓਗੇ। ਤੁਸੀਂ ਇਨ੍ਹਾਂ ਨੂੰ ਸ਼ਾਮ ਦੇ ਸਮੇਂ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਮੈਦਾ – 250 ਗ੍ਰਾਮ
ਨਮਕ – 1/4 ਚੱਮਚ
ਤੇਲ – 1 ਚੱਮਚ
ਪਾਣੀ – 110 ਮਿਲੀਲੀਟਰ
ਤੇਲ – 2 ਚੱਮਚ
ਲਸਣ – 1 ਚੱਮਚ
ਪਿਆਜ਼ – 100 ਗ੍ਰਾਮ
ਬਰੀਕ ਕੱਟੀ ਹੋਈ ਗਾਜਰ – 80 ਗ੍ਰਾਮ
ਬਰੀਕ ਕੱਟੀ ਹੋਈ ਪੱਤਾ ਗੋਭੀ – 325 ਗ੍ਰਾਮ
ਕਾਲੀ ਮਿਰਚ – 1/2 ਚੱਮਚ
ਨਮਕ – 1/2 ਚੱਮਚ
ਸੰਘਣਾ ਦਹੀਂ – 220 ਗ੍ਰਾਮ
ਅਦਰਕ-ਲਸਣ ਦਾ ਪੇਸਟ – 1 ਚੱਮਚ
ਹਲਦੀ – 1/4 ਚੱਮਚ
ਲਾਲ ਮਿਰਚ – 1/4 ਚੱਮਚ
ਗਰਮ ਮਸਾਲਾ – 1/2 ਚੱਮਚ
ਸੁੱਕੀ ਮੇਥੀ – 1 ਚੱਮਚ
ਨਿੰਬੂ ਦਾ ਰਸ – 1 ਚੱਮਚ
ਤੇਲ – 1 ਚੱਮਚ
ਨਮਕ – 1/4 ਚੱਮਚ
ਚਾਟ ਮਸਾਲਾ – ਗਾਰਨਿਸ਼ ਕਰਨ ਲਈ
ਵਿਧੀ
ਇੱਕ ਕਟੋਰੀ ਵਿੱਚ 250 ਗ੍ਰਾਮ ਮੈਦਾ, 1/4 ਚੱਮਚ ਨਮਕ, 1 ਚੱਮਚ ਤੇਲ ਅਤੇ 110 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। ਉਸ ਤੋਂ ਬਾਅਦ ਆਟੇ ਨੂੰ 10 ਤੋਂ 15 ਮਿੰਟ ਲਈ ਢੱਕ ਕੇ ਰੱਖ ਦਿਓ। ਹੁਣ ਇੱਕ ਪੈਨ ‘ਚ 2 ਚੱਮਚ ਤੇਲ ਗਰਮ ਕਰੋ ਅਤੇ ਇਸ ਵਿੱਚ 1 ਚੱਮਚ ਲਸਣ ਪਾ ਕੇ ਭੁੰਨ ਲਓ।
ਉਸ ਤੋਂ ਬਾਅਦ 100 ਗ੍ਰਾਮ ਪਿਆਜ਼ ਪਾ ਕੇ ਭੁੰਨੋ। ਫ਼ਿਰ ਇਸ ਵਿੱਚ ਗਾਜਰ ਪਾਓ ਅਤੇ 2-3 ਮਿੰਟ ਤਕ ਪਕਾਓ। ਉਸ ਤੋਂ ਬਾਅਦ 325 ਗ੍ਰਾਮ ਕੱਟੀ ਹੋਈ ਪੱਤਾ ਗੋਭੀ, 1/2 ਚੱਮਚ ਕਾਲੀ ਮਿਰਚ, 1/2 ਚੱਮਚ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ 5-7 ਮਿੰਟ ਲਈ ਪਕਣ ਦਿਓ। ਹੁਣ ਇਸ ਮਿਸ਼ਰਣ ਨੂੰ ਇੱਕ ਕਟੋਰੀ ‘ਚ ਪਾ ਲਓ।
ਮੋਮੋਜ਼ ਬਣਾਉਣ ਲਈ ਮੈਦੇ ਨੂੰ ਛੋਟੇ-ਛੋਟੇ ਆਕਾਰ ਵਿੱਚ ਪਤਲਾ ਗੋਲ ਆਕਾਰ ‘ਚ ਵੇਲ ਲਓ। ਇਸ ਵਿੱਚ ਤਿਆਰ ਕੀਤਾ ਗਿਆ ਮਿਸ਼ਰਣ ਪਾਓ ਅਤੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਕੇ ਮੋਮੋਜ਼ ਦਾ ਆਕਾਰ ਦਿਓ। ਫ਼ਿਰ ਮੋਮੋਜ਼ ਨੂੰ ਸਟੀਮਰ ‘ਚ ਰੱਖੋ ਅਤੇ 10 ਮਿੰਟ ਲਈ ਸਟੀਮ ਕਰੋ।
ਉਸ ਤੋਂ ਬਾਅਦ ਇੱਕ ਕਟੋਰੀ ਵਿੱਚ 220 ਗ੍ਰਾਮ ਸੰਘਣਾ ਦਹੀਂ, ਅਦਰਕ-ਲਸਣ ਪੇਸਟ, ਹਲਦੀ, ਲਾਲ ਮਿਰਚ, ਗਰਮ ਮਸਾਲਾ, ਸੁੱਕੀ ਮੇਥੀ, ਨਿੰਬੂ ਦਾ ਰਸ, ਤੇਲ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ‘ਚ ਤਿਆਰ ਕੀਤੇ ਹੋਏ ਮੋਮੋਜ਼ ਪਾ ਕੇ ਮਿਲਾਓ। ਮੈਰੀਨੇਟ ਮੋਮੋਜ਼ ਨੂੰ ਇੱਕ ਘੰਟੇ ਲਈ ਰੱਖ ਦਿਓ।
ਇੱਕ ਘੰਟੇ ਬਾਅਦ ਇਨ੍ਹਾਂ ਮੋਮੋਜ਼ ਨੂੰ ਬੇਕਿੰਗ ਟ੍ਰੇਅ ‘ਚ ਰੱਖੋ। ਹੁਣ ਓਵਨ ਨੂੰ 430 ਡਿੱਗਰੀ ਫ਼ੈਰਨਹਾਈਟ ਜਾਂ 220 ਡਿੱਗਰੀ ਸੈਂਟੀਗ੍ਰੇਡ ਤਕ ਗਰਮ ਕਰੋ ਅਤੇ 10 ਤੋਂ 12 ਮਿੰਟ ਲਈ ਬੇਕ ਕਰੋ।
ਤੁਹਾਡੇ ਮੋਮੋਜ਼ ਤਿਆਰ ਹਨ। ਚਾਟ ਮਸਾਲਾ ਪਾ ਕੇ ਮੋਮੋਜ਼ ਚਟਨੀ ਨਾਲ ਗਰਮਾ ਗਰਮ ਸਰਵ ਕਰੋ।