ਜੌਹਨ ਐਬਰਾਹਿਮ ਅਨੁਸਾਰ ਮਿਹਨਤ ਹੀ ਹਰ ਸਫ਼ਲਤਾ ਦਾ ਅਸਲੀ ਮੰਤਰ ਹੈ। ਇਸ ਲਈ ਬਿਨਾਂ ਰੁਕੇ ਸਾਨੂੰ ਨਿਰੰਤਰ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ …
ਅਦਾਕਾਰ ਜੌਹਨ ਐਬਰਾਹਿਮ ਨੂੰ ਫ਼ਿਲਮ ਇੰਡਸਟਰੀ ‘ਚ ਆਏ ਹੋਏ ਡੇਢ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਜੌਹਨ ਨੇ ਬੌਲੀਵੁਡ ‘ਚ ਕਰੀਅਰ ਦੀ ਸ਼ੁਰੂਆਤ ਨਿਰਮਾਤਾ ਪੂਜਾ ਭੱਟ ਦੀ ਫ਼ਿਲਮ ਜਿਸਮ ਨਾਲ ਕੀਤੀ ਸੀ। ਬੌਲੀਵੁਡ ‘ਚ ਉਸ ਨੂੰ ਸਥਾਪਿਤ ਕਰਨ ਵਾਲੀ ਫ਼ਿਲਮ ਧੂਮ ਸੀ ਜੋ ਸਾਲ 2004 ‘ਚ ਰਿਲੀਜ਼ ਹੋਈ ਸੀ। ਜੌਹਨ ਦੀਆਂ ਇਸ ਸਾਲ ਦੋ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਅਤੇ ਦੋਹਾਂ ਨੇ ਚੰਗੀ ਸਫ਼ਲਤਾ ਹਾਸਿਲ ਕੀਤੀ ਹੈ।
ਹਾਲ ਹੀ ‘ਚ ਇੱਕ ਪ੍ਰੋਗਰਾਮ ਦੌਰਾਨ ਜੌਹਨ ਨੇ ਸਫ਼ਲ ਹੋਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਜੌਹਨ ਨੇ ਕਿਹਾ ਕਿ ਉਸ ਲਈ ਸਫ਼ਲਤਾ ਦਾ ਮੂਲ ਮੰਤਰ ਸਿਰਫ਼ ਮਿਹਨਤ ਹੀ ਹੈ।” ਉਸ ਨੇ ਕਿਹਾ ਕਿ ਉਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਜੀਵਨ ‘ਚ ਸ਼ੌਰਟਕਟ ਕਦੇ ਨਾ ਲਓ ਅਤੇ ਨਾ ਹੀ ਕਦੇ ਵੀ ਕਿਸੇ ਨਾਲ ਝੂਠ ਬੋਲੋ। ਉਸ ਨੇ ਲੋਕਾਂ ਨੂੰ ਗ਼ੁਜਾਰਿਸ਼ ਵੀ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਕਾਲਾ ਧਨ ਜਮ੍ਹਾਂ ਕਰ ਕੇ ਨਾ ਰੱਖਣ।
ਜੌਹਨ ਨੇ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਡਰੱਗਜ਼ ਵਰਗੇ ਖ਼ਤਰਨਾਕ ਪਦਾਰਥਾਂ ਦਾ ਇਸਤਮਾਲ ਕਰ ਰਹੇ ਹਨ ਤਾਂ ਤੁਰੰਤ ਉਸ ਨੂੰ ਛੱਡ ਦੇਣ ਕਿਉਂਕਿ ਇਹ ਉਨ੍ਹਾਂ ਦੀ ਜ਼ਿੰਦਗੀ ਲਈ ਬਹੁਤ ਖ਼ਤਰਨਾਕ ਹੈ। ਇਸ ਨਾਲ ਹੀ ਉਸ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਹਰ ਰੋਜ਼ ਕਸਰਤ ਕਰਨ ਦੀ ਸਲਾਹ ਵੀ ਦਿੱਤੀ। ਇਸ ਸਮੇਂ ਜੌਹਨ ਐਬਰਾਹਿਮ ਆਪਣੀਆਂ ਅਗਲੀਆਂ ਫ਼ਿਲਮਾਂ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ‘ਚੋਂ ਇੱਕ ਫ਼ਿਲਮ ਹੈ ਬਾਟਲਾ ਹਾਊਸ। ਇਸ ਫ਼ਿਲਮ ‘ਚ ਉਹ ਡੀ.ਐੱਸ.ਪੀ. ਸੰਜੀਵ ਯਾਦਵ ਦਾ ਕਿਰਦਾਰ ਨਿਭਾਏਗਾ। ਇਹ ਫ਼ਿਲਮ ਇੱਕ ਸੱਚੀ ਘਟਨਾ ‘ਤੇ ਆਧਾਰਿਤ ਹੈ ਜਿਸ ‘ਚ ਜੌਹਨ ਅਭਿਨੇਤਰੀ ਨੋਰਾ ਫ਼ਤੇਹੀ ਵੀ ਹੋਵੇਗੀ। ਉਹ ਬਾਟਲਾ ਹਾਊਸ ‘ਚ ਜੌਹਨ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ।