ਕੋਹਲੀ, ਬੁਮਰਾਹ ICC ਵਨ ਡੇ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਥੇ ਜਾਰੀ ਆਈ.ਸੀ.ਸੀ. ਰੈਂਕਿੰਗ ‘ਚ ਕ੍ਰਮਵਾਰ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਸੂਚੀ ‘ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ। ਕੋਹਲੀ 899 ਅੰਕਾਂ ਦੇ ਨਾਲ ਚੋਟੀ ‘ਤੇ ਬਰਕਰਾਰ ਹਨ ਜਦਕਿ ਸੀਮਿਤ ਓਵਰਾਂ ਦੇ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਦੂਜੇ ਸਥਾਨ ‘ਤੇ ਕਾਇਮ ਹਨ। ਰੋਹਿਤ ਦੇ ਸਲਾਮੀ ਜੋੜੀਦਾਰ ਸ਼ਿਖਰ ਧਵਨ ਬੱਲੇਬਾਜ਼ਾਂ ਦੀ ਸੂਚੀ ‘ਚ ਚੋਟੀ ਦੇ 10 ‘ਚ ਸ਼ਾਮਲ ਇੱਕ ਹੋਰ ਭਾਰਤੀ ਹਨ। ਉਹ ਅੱਠਵੇਂ ਸਥਾਨ ‘ਤੇ ਹਨ। ਉਨ੍ਹਾਂ ਨੂੰ ਇੱਕ ਸਥਾਨ ਦਾ ਫ਼ਾਇਦਾ ਹੋਇਆ ਹੈ।
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 20ਵੇਂ ਸਥਾਨ ‘ਤੇ ਹਨ। ਗੇਂਦਬਾਜ਼ਾਂ ਦੀ ਸੂਚੀ ‘ਚ ਬੁਮਰਾਹ 841 ਅੰਕਾਂ ਦੇ ਨਾਲ ਪਹਿਲੇ ਸਥਾਨ ‘ਤੇ ਹਨ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਵੀ 10 ‘ਚ ਜਗ੍ਹਾ ਮਿਲੀ ਹੈ। ਕੁਲਦੀਪ ਜਿੱਥੇ ਤੀਜੇ ਸਥਾਨ ‘ਤੇ ਕਾਇਮ ਹਨ ਜਦਕਿ ਚਾਹਲ ਤਿੰਨ ਸਥਾਨ ਦੇ ਫ਼ਾਇਦੇ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ। ਅਫ਼ਗ਼ਾਨਿਸਤਾਨ ਦੇ ਰਾਸ਼ਿਦ ਖ਼ਾਨ 353 ਅੰਕਾਂ ਦੇ ਨਾਲ ਫ਼ਿਲਹਾਲ ਦੁਨੀਆ ਦੇ ਚੋਟੀ ਦੇ ਆਲਰਾਊਂਡਰ ਹਨ। ਟੀਮ ਰੈਂਕਿੰਗ ‘ਚ ਭਾਰਤ ਪਹਿਲੇ ਨੰਬਰ ‘ਤੇ ਹੈ, ਅਤੇ ਇੰਗਲੈਂਡ 126 ਅੰਕਾਂ ਨਾਲ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ।