ਕਾਂਗਰਸ ਦੀ ਸਰਕਾਰ ਹਰ ਮੋਰਚੇ ‘ਤੇ ਫੇਲ : ਸ਼ਵੇਤ ਮਲਿਕ

ਲੁਧਿਆਣਾ : ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹਰ ਮੋਰਚੇ ‘ਤੇ ਅਸਫਲ ਹੋਈ ਹੈ ਅਤੇ ਸੂਬੇ ਦੀ ਆਰਥਿਕ, ਰਾਜਨੀਤਕ ਅਤੇ ਕਾਨੂੰਨੀ ਹਾਲਤ ਦਾ ਬੁਰਾ ਹਾਲ ਹੈ। ਸੂਬੇ ‘ਚ ਜੈਸ਼-ਏ-ਮੁਹੰਮਦ ਦੇ ਕੁਝ ਸ਼ੱਕੀ ਅੱਤਵਾਦੀਆਂ ਦੇ ਦਾਖਲ ਹੋਣ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਾਲਾਤ ਕੰਟਰੋਲ ਕਰਨ ‘ਚ ਅਸਫਲ ਰਹੀ ਹੈ ਅਤੇ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਜੁਮਲੇਬਾਜ਼ ਹਨ ਅਤੇ ਪੈਸਿਆਂ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਹਿਲਾਂ ਭਾਜਪਾ ਨੂੰ ਧੋਖਾ ਦਿੱਤਾ ਅਤੇ ਹੁਣ ਕਾਂਗਰਸ ਨੂੰ ਦੇਣਗੇ। ਪੰਜਾਬ ਕਾਂਗਰਸ ਦਾ ਪ੍ਰਧਾਨ ਕਿਸੇ ਦਲਿਤ ਨੂੰ ਲਾਉਣ ਦੀਆਂ ਖਬਰਾਂ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਸ ਨਾਲ ਪਾਰਟੀ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ, ਜੋ ਆਪਣੇ ਦਾਗੀ ਨੇਤਾਵਾਂ ‘ਤੇ ਕਾਰਵਾਈ ਕਰਨ ‘ਚ ਅਸਫਲ ਰਹੀ ਹੈ।