ਮੋਸਟ ਸਟਾਈਲਿਸ਼ ਕਪਲ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਅਕਸਰ ਆਪਣੀਆਂ ਰੋਮੈਂਟਿਕ ਤਸਵੀਰਾਂ ਕਾਰਨ ਚਰਚਾ ‘ਚ ਰਹਿੰਦੇ ਹਨ। ਇਨ੍ਹਾਂ ਦੀ ਜੋੜੀ ਨੂੰ ਫ਼ਿਲਮਾਂ ਦੇ ਦੀਵਾਨੇ ਕਾਫ਼ੀ ਪਸੰਦ ਕਰਦੇ ਹਨ। ਸਾਲ 2012 ਦੌਰਾਨ ਰਿਲੀਜ਼ ਹੋਈ ਫ਼ਿਲਮ ਏਜੰਟ ਵਿਨੋਦ ‘ਚ ਸੈਫ਼ ਅਤੇ ਕਰੀਨਾ ਨੇ ਇਕੱਠਿਆਂ ਕੰਮ ਕੀਤਾ ਸੀ, ਪਰ ਉਸ ਤੋਂ ਬਾਅਦ ਇਹ ਦੋਵੇਂ ਪਰਦੇ ਉੱਪਰ ਇਕੱਠੇ ਨਜ਼ਰ ਨਹੀਂ ਆਏ। ਇਸ ਫ਼ਿਲਮ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਸੀ।
ਹਾਲ ਹੀ ‘ਚ ਸੈਫ਼ ਨੇ ਕੁੱਝ ਅਜਿਹਾ ਕਿਹਾ ਹੈ ਜੋ ਉਨ੍ਹਾਂ ਦੇ ਫ਼ੈਨਜ਼ ਲਈ ਖ਼ਾਸ ਅਹਿਮੀਅਤ ਰੱਖਦਾ ਹੈ। ਇੱਕ ਇੰਟਰਵਿਊ ਦੌਰਾਨ ਸੈਫ਼ ਨੇ ਕਿਹਾ ਕਿ ਮੈਂ ਕਰੀਨਾ ਕਪੂਰ ਖ਼ਾਨ ਨਾਲ ਕਦੇ ਫ਼ਿਲਮ ਨਹੀਂ ਕਰਾਂਗਾ। ਸੂਤਰਾਂ ਅਨੁਸਾਰ ਸੈਫ਼ ਨੇ ਇਸ ਦੀ ਵਜ੍ਹਾ ਇਹ ਦੱਸੀ ਕਿ ਉਹ ਅਤੇ ਕਰੀਨਾ ਇੱਕ ਦੂਜੇ ਨਾਲ ਬਹੁਤ ਸਹਿਜ ਮਹਿਸੂਸ ਕਰਦੇ ਹਨ ਅਤੇ ਇਹੀ ਸਹਿਜਤਾ ਸਿਨੇਮਾ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਤੋਂ ਉਲਟ ਕਿਸੇ ਅਜਨਬੀ ਨਾਲ ਫ਼ਿਲਮ ‘ਚ ਕੰਮ ਕਰਨਾ ਕਾਫ਼ੀ ਦਿਲਚਸਪ ਹੋਵੇਗਾ। ਇਹ ਇੱਕ ਸਵਾਰਥੀ ਪ੍ਰੋਫ਼ੈਸ਼ਨ ਹੈ। ਅਸਲ ਜ਼ਿੰਦਗੀ ‘ਚ ਬਣੀ ਜੋੜੀ ਨੂੰ ਪਰਦੇ ‘ਤੇ ਵੀ ਜੋੜੀ ਦੇ ਰੂਪ ‘ਚ ਵੇਖਣ ਵਿੱਚ ਦਰਸ਼ਕਾਂ ਦੀ ਬੇਹੱਦ ਘੱਟ ਦਿਲਚਸਪੀ ਹੁੰਦੀ ਹੈ।”
ਵੈਸੇ, ਹੁਣ ਤਕ ਸੈਫ਼ ਅਤੇ ਕਰੀਨਾ ਨੇ ਪੰਜ ਫ਼ਿਲਮਾਂ ‘ਚ ਇਕੱਠਿਆਂ ਕੰਮ ਕੀਤਾ ਹੈ। ਇਨ੍ਹਾਂ ‘ਚ ਐੱਲ.ਓ.ਸੀ., ਓਮਕਾਰਾ, ਕੁਰਬਾਨ, ਟਸ਼ਨ ਅਤੇ ਏਜੰਟ ਵਿਨੋਦ ਸ਼ਾਮਿਲ ਹਨ। ਫ਼ਿਲਮ ਟਸ਼ਨ ਤੋਂ ਬਾਅਦ ਹੀ ਦੋਹਾਂ ਦਾ ਪਿਆਰ ਪਰਵਾਨ ਚੜ੍ਹਿਆ ਸੀ। ਇਸ ਸਮੇਂ ਸੈਫ਼ ਫ਼ਿਲਮ ਤਾਨਾਜੀ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ।