ਏਜੰਸੀਆਂ ਨੇ ਘੇਰਿਆ ਦਾਦੂਵਾਲ, 20 ਕਰੋੜ ਕਿਥੋਂ ਆਇਆ ਖਾਤੇ ‘ਚ!

ਫਰੀਦਕੋਟ – ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁੱਖ ਚਿਹਰਿਆਂ ‘ਚੋਂ ਇਕ ਬਲਜੀਤ ਸਿੰਘ ਦਾਦੂਵਾਲ, ਜੋ ਵਿੱਤੀ ਮਾਮਲਿਆਂ ਨਾਲ ਜੁੜੀਆਂ ਕੇਂਦਰੀ ਜਾਂਚ ਏਜੰਸੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਦਾਦੂਵਾਲ ਦੇ ਬੈਂਕ ਖਾਤਿਆਂ ‘ਚ ਪਿਛਲੇ 6 ਸਾਲਾਂ ਦੌਰਾਨ 20 ਕਰੋੜ ਰੁਪਏ ਦੀ ਹਲਚਲ ਦੇਖੀ ਗਈ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਦਾਦੂਵਾਲ ਨੇ ਸ਼ੱਕੀ ਸਰੋਤਾਂ ਤੋਂ ਪੈਸੇ ਲਏ ਹਨ ਤੇ ਉਹ ਮਨੀ-ਲਾਂਡਰਿੰਡ ਮਾਮਲੇ ‘ਚ ਵੀ ਸ਼ਾਮਲ ਹੋ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਦਾਦੂਵਾਲ ਦੇ ਬੈਂਕ ਅਕਾਊਂਟ ‘ਚ ਵਿਦੇਸ਼ੀ ਜ਼ਮੀਨ ਤੋਂ ਵੀ ਵੱਡੀ ਰਕਮ ਜਮਾਂ ਹੋਈ ਹੈ, ਜਿਸ ਕਾਰਨ ਕੇਂਦਰੀ ਤੇ ਸੂਬਾ ਏਜੰਸੀਆਂ ਨੇ ਪੈਸਿਆਂ ਦੇ ਇਸ ਲੈਣ-ਦੇਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਇਸੇ ਮਾਮਲੇ ਦੇ ਸਬੰਧ ‘ਚ ਅਕਤੂਬਰ ਮਹੀਨੇ ਦੇ ਆਖਿਰ ‘ਚ ਬਲਜੀਤ ਸਿੰਘ ਦਾਦੂਵਾਲ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਇਨਕਮ ਟੈਕਸ ਵਿਭਾਗ ਨੇ ਦਾਦੂਵਾਲ ਤੋਂ ਇਸ ਮੋਟੀ ਰਕਮ ਦੇ ਲੈਣ-ਦੇਣ ਦਾ ਵੇਰਵਾ ਵੀ ਪੁੱਛਿਆ ਹੈ। ਦੱਸ ਦੇਈਏ ਕਿ ਕੇਂਦਰੀ ਜਾਂਚ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਸੂਬਾ ਸਰਕਾਰ ਨੇ ਵੀ ਬੈਂਕ ਖਾਤਿਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਬਲਜੀਤ ਸਿੰਘ ਦਾਦੂਵਾਲ ਆਏ ਏਜੰਸੀਆਂ ਦੇ ਨਿਸ਼ਾਨੇ ‘ਤੇ?
ਬਲਜੀਤ ਸਿੰਘ ਦਾਦੂਵਾਲ ਦੇ 6 ਬੈਂਕ ਖਾਤਿਆਂ ‘ਚ ਹੋਈ ਮੋਟੀ ਰਕਮ ਦੇ ਲੈਣ-ਦੇਣ ਕਾਰਨ, ਏ. ਐਕਸ. ਆਈ. ਐੱਸ. ਬੈਂਕ ਤੇ 5 ਐੱਚ. ਡੀ. ਐੱਫ. ਸੀ. ਬੈਂਕ ਖਾਤਿਆਂ ‘ਚ 20 ਕਰੋੜ ਦੇ ਲੈਣ-ਦੇਣ, ਪਿਛਲੇ 6 ਸਾਲਾਂ ‘ਚ ਦਾਦੂਵਾਲ ਦੇ ਬੈਂਕ ਖਾਤਿਆਂ ‘ਚ 10 ਕਰੋੜ ਰੁਪਏ ਆਉਣ, 6.7 ਕਰੋੜ ਕੈਸ਼ ਤੇ ਬਾਕੀ ਰਕਮ ਚੈੱਕ ਜਾਂ ਹੋਰ ਤਰੀਕੇ ਨਾਲ ਆਉਣ, 2 ਜੂਨ 2012 ਨੂੰ 23 ਲੱਖ ਰੁਪਏ ਦਾਦੂਵਾਲ ਦੇ ਅਕਾਊਂਟ ‘ਚ ਆਉਣ ਕਾਰਨ ਬਲਜੀਤ ਸਿੰਘ ਦਾਦੂਵਾਲ ਏਜੰਸੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਕੈਸ਼ ਫਲੋ ਨੇ ਵਿੱਤ ਮਾਮਲਿਆਂ ਦੀ ਜਾਂਚ ਏਜੰਸੀਆਂ ਤੋਂ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਪੈਸੇ ਦੇਸ਼ ਵਿਰੋਧੀ ਤਾਕਤਾਂ ਤੋਂ ਆਏ ਹਨ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀਆਂ ਦੇ ਕਹਿਣ ‘ਤੇ ਪੰਜਾਬ ਸਰਕਾਰ ਦਾਦੂਵਾਲ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ।
ਧਿਆਨਦੇਣ ਯੋਗ ਕਿ ਦਾਦੂਬਾਲ ਦੇ ਬੈਂਕ ਖਾਤਿਆਂ ‘ਚ ਪੈਸੇ ਉਸ ਸਮੇਂ ਤੋਂ ਜ਼ਿਆਦਾ ਆਉਣ ਲੱਗੇ ਹਨ, ਜਦੋਂ ਤੋਂ ਬੇਅਦਬੀ ਮਾਮਲਿਆਂ ਖਿਲਾਫ ਧਰਨੇ-ਪ੍ਰਦਰਸ਼ਨਾਂ ‘ਚ ਦਾਦੂਵਾਲ ਮੋਹਰੀ ਹੋਣ ਲੱਗੇ। ਜਾਂਚ ਏਜੰਸੀਆਂ ਨੇ ਪੂਰੇ ਮਾਮਲੇ ਦੀ ਘੋਖ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਭੇਜਿਆ, ਜਿਸ ਦਾ ਜਬਾਬ ਦਿੰਦਿਆਂ ਦਾਦੂਵਾਲ ਨੇ ਕਿਹਾ ਕਿ ਇਹ ਰਕਮ ਉਸ ਨੂੰ ਡੋਨੇਸ਼ਨ ਰਾਹੀਂ ਮਿਲੀ ਹੈ। ਉਨ੍ਹਾਂ ਇਸ ਮਾਮਲੇ ਦੇ ਸਬੰਧ ‘ਚ ਜਦ ਦਾਦੂਵਾਲ ਦੇ ਸੀ. ਏ. ਨਾਲ ਗੱਲ ਕਰਨੀ ਚਾਹੀ ਤਾਂ ਦਾਦੂਵਾਲ ਨੇ ਸੀ.ਏ. ਨੂੰ ਵਿਆਹ ਸਮਾਗਮ ‘ਚ ਵਿਅਸਤ ਦੱਸ ਕੇ ਗੱਲ ਟਾਲ ਦਿੱਤੀ।
ਹੁਣ ਜੇਕਰ ਪੂਰੇ ਵਿਵਾਦ ਤੋਂ ਥੋੜਾ ਹੱਟ ਕੇ ਬਲਜੀਤ ਸਿੰਘ ਦਾਦੂਵਾਲ ਦੇ ਬੈਂਕਿੰਗ ਜੀਵਨ ‘ਤੇ ਝਾਂਤ ਮਾਰੀ ਜਾਵੇ ਤਾਂ ਦਾਦੂਵਾਲ ਨੇ ਪਿਛਲੇ ਦਸ ਸਾਲਾਂ ‘ਚ ਇਕ ਵਾਰ ਵੀ ਇਨਕਮ ਟੈਕਸ ਰਿਟਰਨ ਨਹੀਂ ਭਰੀ । 2017-18 ‘ਚ ਦਾਦੂਵਾਲ ਨੇ ਆਪਣੀ ਸਾਲਾਨਾ ਕਮਾਈ 6.13 ਲੱਖ ਸ਼ੋਅ ਕੀਤੀ ਹੈ, ਜਿਸ ‘ਚੋਂ 5.50 ਲੱਖ ਬਿਜਨਸ ਤੋਂ ਕਮਾਏ ਹੋਏ ਦੱਸੇ ਹਨ। ਇਨਫੋਰਸਮੈਂਟ ਡਾਇਰੈਕਟਰੇਟ ਯਾਨੀ ਈ. ਡੀ. ਨੇ ਵੀ ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਈ.ਡੀ. ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੂੰ ਵੀ ਇਸ ਬਹੁ-ਕਰੋੜੀ ਮਾਮਲੇ ਦੀ ਜਾਂਚ ‘ਚ ਸਹਿਯੋਗ ਦੀ ਮੰਗ ਕੀਤੀ ਹੈ।