ਫ਼ਿਲਮ ਵਿਕੀ ਡੋਨਰ ਨਾਲ ਆਪਣੇ ਕਰੀਅਰ ਦਾ ਆਗ਼ਾਜ਼ ਕਰਨ ਵਾਲਾ ਆਯੁਸ਼ਮਾਨ ਖੁਰਾਣਾ ਇੰਡਸਟਰੀ ‘ਚ ਇਮਾਨਦਾਰੀ ਨਾਲ ਕੰਮ ਕਰਦਾ ਰਹਿਣਾ ਚਾਹੁੰਦਾ ਹੈ। ਉਹ ਆਪਣੀ ਹਰ ਫ਼ਿਲਮ ਨੂੰ ਅੱਜ ਵੀ ਆਪਣੀ ਪਹਿਲੀ ਫ਼ਿਲਮ ਸਮਝ ਕੇ ਸ਼ਿੱਦਤ ਨਾਲ ਕੰਮ ਕਰਦਾ ਹੈ। ਆਯੁਸ਼ਮਾਨ ਦੀਆਂ ਇਸ ਮਹੀਨੇ ਅੰਧਾਧੁਨ ਅਤੇ ਬਧਾਈ ਹੋ ਫ਼ਿਲਮਾਂ ਰਿਲੀਜ਼ ਹੋਈਆਂ। ਦੋਹਾਂ ਫ਼ਿਲਮਾਂ ਨੇ ਉਸ ਦੇ ਕਰੀਅਰ-ਗ੍ਰਾਫ਼ ਨੂੰ ਹੋਰ ਉੱਚਾ ਚੁੱਕਿਆ ਹੈ, ਅਤੇ ਸਿਨੇਮਾ ਖਿੜਕੀ ‘ਤੇ ਚੰਗੀ ਕਮਾਈ ਕੀਤੀ। ਆਪਣੀ ਇਸ ਸਫ਼ਲਤਾ ‘ਤੇ ਆਯੁਸ਼ਮਾਨ ਨੇ ਕਿਹਾ, ”ਮੈਂ ਆਪਣੀ ਹਰ ਨਵੀਂ ਫ਼ਿਲਮ ਨੂੰ ਕਰੀਅਰ ਦੀ ਪਹਿਲੀ ਫ਼ਿਲਮ ਦੇ ਰੂਪ ‘ਚ ਦੇਖਦਾ ਹਾਂ। ਜੇ ਤੁਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਇਹ ਕੈਮਰੇ ‘ਚ ਰਿਕਾਰਡ ਹੁੰਦਾ ਹੈ। ਮੈਨੂੰ ਪਤਾ ਹੈ ਕਿ ਮੈਂ ਇੱਕ ਸਟਾਰ ਬਣ ਚੁੱਕਾ ਹਾਂ, ਪਰ ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ। ਮੈਂ ਇੰਨਾ ਸਰਲ ਬਣਨਾ ਚਾਹੁੰਦਾ ਹਾਂ ਕਿ ਕਿਸੇ ਵੀ ਫ਼ਿਲਮ ਨੂੰ ਅਜਿਹੇ ਤਰੀਕੇ ਨਾਲ ਕਰਾਂ ਜਿਵੇਂ ਉਹ ਮੇਰੀ ਪਹਿਲੀ ਫ਼ਿਲਮ ਹੋਵੇ।”
ਆਯੁਸ਼ਮਾਨ ਦਾ ਮੰਨਣਾ ਹੈ ਕਿ ਜਦੋਂ ਫ਼ਿਲਮਾਂ ਦੀ ਚੋਣ ਦੀ ਗੱਲ ਆਉਂਦੀਹੈ ਹੈ ਤਾਂ ਉਸ ਨੂੰ ਆਪਣੇ ਅੰਤਰ ਮਨ ‘ਤੇ ਪੂਰਾ ਵਿਸ਼ਵਾਸ਼ ਹੁੰਦਾ ਹੈ ਅਤੇ ਉਹ ਮਨ ਦੀ ਇਸ ਆਵਾਜ਼ ਉੱਪਰ ਸਭ ਤੋਂ ਵੱਧ ਭਰੋਸਾ ਕਰਦਾ ਹੈ।