ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 863

ਕੁਝ ਲੋਕ ਦੁਨਿਆਵੀ ਰਿਸ਼ਤਿਆਂ ਵਿੱਚ ਸਿਰਫ਼ ਇਸ ਉਮੀਦ ਨਾਲ ਦਾਖ਼ਲ ਹੁੰਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਅੰਦਰੂਨੀ ਡਰਾਂ ਤੋਂ ਨਿਜਾਤ ਮਿਲ ਜਾਵੇਗੀ ਅਤੇ ਉਹ ਆਪਣੇ ਮਨ ਅੰਦਰ ਛੁਪੇ ਬੈਠੇ ਪਿਸ਼ਾਚਾਂ ‘ਤੇ ਕਾਬੂ ਪਾ ਸਕਣਗੇ। ਇਸ ਜਾਣਕਾਰੀ ਨਾਲ ਸੁਰੱਖਿਅਤ ਮਹਿਸੂਸ ਕਰਦੇ ਹੋਏ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਇੱਕ ਭਾਈਵਾਲ ਮਿਲ ਗਿਐ, ਉਨ੍ਹਾਂ ਨੂੰ ਜਾਪਦੈ ਕਿ ਉਹ ਇੱਕ ਆਰਾਮਦਾਇਕ ਜੀਵਨ ਗੁਜ਼ਾਰ ਸਕਣਗੇ। ਕਿਸੇ ਵੀ ਵਿਵਾਦ ਜਾਂ ਚੁਣੌਤੀ ਤੋਂ ਰਹਿਤ, ਇੱਕ ਸੰਤੁਸ਼ਟੀ ਭਰਪੂਰ ਜੀਵਨ। ਜਿਹੜੇ ਲੋਕ ਜ਼ਿੰਦਗੀ ਵਿਚਲੀਆਂ ਭਾਈਵਾਲੀਆਂ ਤੋਂ ਅਜਿਹੀਆਂ ਉਮੀਦਾਂ ਲਗਾ ਬੈਠਦੇ ਹਨ, ਬਹੁਤ ਛੇਤੀ ਉਨ੍ਹਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦੈ। ਕੁਝ ਹਾਲੀਆ ਘਟਨਾਵਾਂ ਤੁਹਾਡਾ ਧਿਆਨ ਉਸ ਚੀਜ਼ ਵੱਲ ਖਿੱਚ ਰਹੀਆਂ ਹਨ ਜੋ ਤੁਸੀਂ ਆਪਣੇ ਕਿਸੇ ਨੇੜਲੇ ਰਿਸ਼ਤੇ ਤੋਂ ਸੱਚਮੁੱਚ ਸਿੱਖ ਰਹੇ ਹੋ … ਅਤੇ ਉਸ ਵੱਲ ਵੀ ਜਿਸ ਦਾ ਤੁਹਾਨੂੰ ਸਹੀ ਮਾਇਨੇ ਵਿੱਚ ਫ਼ਾਇਦਾ ਹੋ ਸਕਦੈ।

”ਉਹ ਲੋਕ ਇਸ ਸੰਸਾਰ ਦੇ ਸਭ ਤੋਂ ਖ਼ੁਸ਼ਕਿਸਮਤ ਲੋਕ ਹਨ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਲੋਕਾਂ ਦੀ ਲੋੜ ਹੁੰਦੀ ਹੈ।” ਇਹ ਗੀਤ ਖ਼ੁਸ਼ਮਿਜ਼ਾਜ ਅਮਰੀਕੀ ਗਾਇਕਾ, ਅਦਾਕਾਰਾ ਅਤੇ ਲੇਖਿਕਾ ਬਾਰਬਰਾ ਸਟ੍ਰਾਈਸੈਂਡ ਨੇ ਅੱਜ ਤੋਂ ਕਈ ਚੰਦ੍ਰਮਾ ਪਹਿਲਾਂ, ਭਾਵ 1964 ਵਿੱਚ ਗਾਇਆ ਸੀ। ਪਰ ਮੈਨੂੰ ਇਸ ਗੀਤ ਦੇ ਬੋਲ ਅਧੂਰੇ ਜਾਪਦੇ ਨੇ। ਉਦਾਹਰਣ ਦੇ ਤੌਰ ‘ਤੇ, ਇਸ ਵਿੱਚ ਉਨ੍ਹਾਂ ਲੋਕਾਂ ਦਾ ਬਿਲਕੁਲ ਵੀ ਜ਼ਿਕਰ ਨਹੀਂ ਜਿਨ੍ਹਾਂ ਨੂੰ ਲੋਕਾਂ ਦੀ ਲੋੜ ਮਹਿਸੂਸ ਕਰਨ ਲਈ ਲੋਕਾਂ ਦੀ ਲੋੜ ਪੈਂਦੀ ਹੈ। ਨਾ ਹੀ ਇਹ ਗੀਤ ਉਨ੍ਹਾਂ ਦੀ ਕੋਈ ਗੱਲ ਕਰਦੈ ਜਿਨ੍ਹਾਂ ਨੂੰ ਉਨ੍ਹਾਂ ਲੋਕਾਂ ਵਲੋਂ ਲੋੜੀਂਦਾ ਮਹਿਸੂਸ ਕਰਾਏ ਜਾਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਲੋਕਾਂ ਦੀ ਲੋੜ ਹੋਵੇ। ਇੰਝ ਜਾਪਦੈ ਕਿ ਤੁਹਾਡੇ ਸੰਸਾਰ ਵਿੱਚ ਇਸ ਵੇਲੇ ਲੋੜਾਂ ਦਾ ਕਾਫ਼ੀ ਬੋਲਬਾਲੈ। ਤੁਹਾਡੇ ਲਈ ਇਹ ਸਮਝਣਾ ਸ਼ਾਇਦ ਮੁਸ਼ਕਿਲ ਸਾਬਿਤ ਹੋ ਰਿਹਾ ਹੋਵੇ ਕਿ ਲੋੜਾਂ ਦੀ ਇਸ ਮੰਡੀ ਵਿੱਚ ਆਉਣ ਲਈ ਤੁਹਾਨੂੰ ਆਪਣੇ ਆਪ ਨੂੰ ਖ਼ੁਸ਼ਕਿਸਮਤ ਕਿਉਂ ਸਮਝਣਾ ਚਾਹੀਦੈ। ਪਰ … ਇਸ ਲਈ ਤੁਸੀਂ ਵਾਕਈ ਕਿਸਮਤ ਦੇ ਧਨੀ ਹੋ।

ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਜ਼ਿੰਦਗੀ ਦੇ ਗੰਭੀਰ ਵਿਸ਼ਿਆਂ ਬਾਰੇ ਮਖੌਲ ਨਹੀਂ ਕਰਨਾ ਚਾਹੀਦਾ। ਦੂਸਰੇ ਲੋਕ ਕਹਿੰਦੇ ਹਨ ਕਿ ਜਦੋਂ ਤੁਸੀਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹੋਵੋ ਤਾਂ ਤੁਹਾਨੂੰ ਉਸ ਹਾਲਤ ਵਿੱਚ ਵੀ ਉਸ ਦਾ ਮਜ਼੍ਹਾਈਆ ਪੱਖ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੈਸੇ ਵਿਅੰਗ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਨਿੱਜੀ ਭਾਵਨਾ ਹੈ। ਜਿਵੇਂ ਅਸੀਂ ਬੇਸ਼ੁਮਾਰ ਕਾਰਨਾਂ ਕਰ ਕੇ ਰੋਂਦੇ ਹਾਂ ਅਤੇ ਉਨ੍ਹਾਂ ਸਭ ਦਾ ਕਾਰਨ ਦੁੱਖ ਨਹੀਂ ਹੁੰਦਾ, ਜਦੋਂ ਅਸੀਂ ਹੱਸਦੇ ਹਾਂ ਤਾਂ ਅਸੀਂ ਹਰ ਵਾਰ ਅਜਿਹਾ ਇਸ ਲਈ ਨਹੀਂ ਕਰਦੇ ਕਿਉਂਕਿ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ। ਕਈ ਵਾਰ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਇਹ ਸੁਨਿਸ਼ਚਿਤ ਕਰਨਾ ਸੌਖਾ ਨਹੀਂ ਹੁੰਦਾ ਕਿ ਤੁਹਾਨੂੰ ਰੋਣਾ ਚਾਹੀਦੈ ਜਾਂ ਫ਼ਿਰ ਹੱਸਣਾ। ਦੋਹੇਂ ਕਰ ਲਵੋ ਜਾਂ ਦੋਹਾਂ ‘ਚੋਂ ਕੁਝ ਵੀ ਨਾ ਕਰੋ ਪਰ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਇਸ ਵਕਤ ਜੋ ਕੁਝ ਵੀ ਵਾਪਰ ਰਿਹੈ ਬੇਸ਼ੱਕ ਉਹ ਪ੍ਰਚੰਡ ਅਤੇ ਗੰਭੀਰ ਹੈ, ਉਹ ਆਪਣੇ ਆਪ ਵਿੱਚ ਅਨੋਖਾ ਅਤੇ ਸ਼ਾਨਦਾਰ ਵੀ ਹੈ।

ਮੈਂ ਅਕਸਰ ਇਨ੍ਹਾਂ ਕਾਲਮਾਂ ਵਿੱਚ ਵੱਡੇ ਅਤੇ ਛੋਟੇ ਵਿਚਾਰਾਂ ਵਿਚਲੇ ਫ਼ਰਕ ਬਾਰੇ ਲਿਖਦਾ ਰਹਿੰਦਾਂ। ਮੈਂ ਤੁਹਾਡਾ ਧਿਆਨ ਇਸ ਤੱਥ ਵੱਲ ਵੀ ਲਿਜਾਣ ਦੀ ਕੋਸ਼ਿਸ਼ ਕਰਦਾ ਰਹਿੰਦਾਂ ਕਿ ਵਿਚਾਰਾਂ ਦਾ ਦਰਅਸਲ ਕੋਈ ਆਕਾਰ ਨਹੀਂ ਹੁੰਦਾ। ਮਸਲਿਆਂ ਲਈ ਵੀ ਇਹੋ ਗੱਲ ਸੱਚ ਹੈ। ਇੰਝ ਦਾ ਹੀ ਹਾਲ ਆਵਾਜਾਈ ਦੇ ਸਾਧਨਾਂ ਦਾ ਹੈ। ਜਦੋਂ ਕੋਈ ਛੋਟਾ ਜਿਹਾ ਪੁਰਜ਼ਾ ਵੀ ਚਲਣੋਂ ਇਨਕਾਰੀ ਹੋ ਜਾਵੇ ਤਾਂ ਉਹ ਵੱਡੇ ਵੱਡੇ, ਭਾਰੀ ਭਰਕਮ ਇੰਜਨਾਂ ਨੂੰ ਵੀ ਚਲਣੋਂ ਰੋਕ ਸਕਦੈ। ਜਦੋਂ ਅਜਿਹਾ ਹੋ ਜਾਵੇ ਤਾਂ ਇੱਕ ਬਹੁਤ ਵੱਡਾ ਮਸਲਾ ਖੜ੍ਹਾ ਹੋ ਜਾਂਦੈ! ਇਸੇ ਤਰ੍ਹਾਂ, ਇੱਕ ਛੋਟੀ ਜਿਹੀ ਜਾਣਕਾਰੀ ਵੀ ਕਿਸੇ ਯਾਤਰਾ ਨੂੰ ਸਫ਼ਲ ਜਾਂ ਹੌਸਲੇ ਪਸਤ ਕਰਨ ਵਾਲਾ ਇੱਕ ਸਫ਼ਰ ਬਣਾ ਸਕਦੀ ਹੈ।

ਇਹ ਜ਼ਰੂਰੀ ਨਹੀਂ ਕਿ ਸਾਰੇ ਅਮੀਰ ਲੋਕ ਰਹਿਮਦਿਲ, ਦਿਆਵਾਨ, ਕਿਰਪਾਲੂ ਜਾਂ ਚਲਾਕ ਹੋਣ। ਨਾ ਹੀ ਉਹ ਹਮੇਸ਼ਾ ਖ਼ੁਸ਼ ਹੁੰਦੇ ਹਨ। ਫ਼ਿਰ ਇਹ ਸਵਾਲ ਤਾਂ ਜਾਇਜ਼ ਹੀ ਹੋਇਆ ਨਾ ਕਿ ਇੰਨਾ ਪੈਸਾ ਹੋਣ ਦਾ ਆਖ਼ਿਰ ਕੀ ਫ਼ਾਇਦਾ? ਫ਼ਿਰ ਵੀ, ਅਸੀਂ ਸਾਰੇ ਇਹ ਸੋਚਦੇ ਹਾਂ ਕਿ ਜੇ ਕਿਤੇ ਕਿਸਮਤ ਦੀ ਪਰੀ ਮਿਹਰਬਾਨ ਹੋ ਕੇ ਸਾਡੇ ਸਿਰ ‘ਤੇ ਆਪਣੀ ਮਿਹਰ ਦਾ ਹੱਥ ਰੱਖ ਦੇਵੇ ਤਾਂ ਹਾਲਾਤ ਬਿਲਕੁਲ ਅਲੱਗ ਅਤੇ ਨਿਆਰੇ ਹੋਣਗੇ। ਅਸੀਂ ਸ਼ੁਕਰਗੁਜ਼ਾਰ ਹੋਵਾਂਗੇ। ਅਤੇ ਦਰਿਆਦਿਲ ਬਣਾਂਗੇ। ਅਤੇ ਸਿਆਣੇ ਵੀ। ਕੀ ਤੁਸੀਂ ਅਮੀਰ ਬਣਨ ਵਾਲੇ ਹੋ? ਇਹ ਇੱਕ ਪੇਚੀਦਾ ਸਵਾਲ ਹੈ। ਚੰਗਾ ਹੁੰਦਾ ਜੇ ਤੁਸੀਂ ਮੈਨੂੰ ਇਹ ਨਾ ਹੀ ਪੁੱਛਿਆ ਹੁੰਦਾ। ਇਸ ਵਕਤ ਤੁਸੀਂ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਉਹ ਖ਼ਤਮ ਹੋਣ ‘ਤੇ ਤੁਹਾਨੂੰ ਉਸ ਤੋਂ ਜ਼ਿਆਦਾ ਅਮੀਰ ਛੱਡ ਕੇ ਜਾ ਸਕਦੀ ਹੈ ਜਿੰਨੇ ਤੁਸੀਂ ਇਸ ਵਕਤ ਹੋ!