ਯਸ਼ ਰਾਜ ਬੈਨਰ ਦੀ ਠੱਗਜ਼ ਔਫ਼ ਹਿੰਦੋਸਤਾਨ ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ‘ਚ ਪਹਿਲੀ ਵਾਰ ਅਮਿਤਾਭ ਬੱਚਨ ਅਤੇ ਆਮਿਰ ਖ਼ਾਨ ਇਕੱਠੇ ਨਜ਼ਰ ਆਏ। ਦਮਦਾਰ ਕਾਸਟਿੰਗ ਵਾਲੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਜੋ ਫ਼ਿਲਮ ਰਿਲੀਜ਼ ਹੋਣ ਨਾਲ ਖ਼ਤਮ ਹੋ ਗਿਆ। ਆਮਿਰ ਲਈ ਅਮਿਤਾਭ ਨਾਲ ਕੰਮ ਕਰਨਾ ਸੁਪਨਾ ਪੂਰਾ ਹੋਣ ਤੋਂ ਘੱਟ ਨਹੀਂ ਹੈ।
ਆਮਿਰ ਨੇ ਕਿਹਾ, ”ਮੇਰੇ ਫ਼ਿਲਮੀ ਕਰੀਅਰ ਨੂੰ ਤੀਹ ਸਾਲ ਹੋ ਗਏ ਹਨ, ਅਤੇ ਮੈਨੂੰ ਕਦੇ ਵੀ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਮੈਂ ਕਦੇ-ਕਦੇ ਸੋਚਦਾ ਸਾਂ ਕਿ ਕੀ ਮੈਨੂੰ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮੌਕਾ ਕਦੇ ਨਹੀਂ ਮਿਲੇਗਾ। ਇਸ ਲਈ ਜਦੋਂ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਲੈ ਕੇ ਬਹੁਤ ਉਤਸਾਹਿਤ ਹੋਇਆ।”
ਆਮਿਰ ਅਤੇ ਅਮਿਤਾਭ ਇਸ ਫ਼ਿਲਮ ‘ਚ ਸਿਰਫ਼ ਇੱਕ-ਦੂਜੇ ਨਾਲ ਅਦਾਕਾਰੀ ਹੀ ਨਹੀਂ ਕਰਦੇ ਨਜ਼ਰ ਆਏ ਸਗੋਂ ਉਨ੍ਹਾਂ ਦੋਹਾਂ ਨੇ ਇਕੱਠਿਆਂ ਡਾਂਸ ਵੀ ਕੀਤਾ। ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਉਤਸੁਕਤਾ ਇਸ ਗੱਲ ਨੂੰ ਲੈ ਕੇ ਸੀ ਕਿ ਦੋਹੇਂ ਅਦਾਕਾਰ ਆਖ਼ਿਰ ਫ਼ਿਲਮ ‘ਚ ਇੱਕ ਦੂਜੇ ਦੇ ਖ਼ਿਲਾਫ਼ ਕਿਉਂ ਲੜ ਰਹੇ ਸਨ। ਪਿੱਛਲੇ ਹਫ਼ਤੇ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਨੂੰ ਇਸ ਦਾ ਜਵਾਬ ਮਿਲਣ ਗਿਆ ਹੈ।
ਆਮਿਰ ਨੇ ਬੱਚਨ ਨਾਲ ਸ਼ੂਟਿੰਗ ਕਰਨ ਦਾ ਅਨੁਭਵ ਸਾਂਝਾ ਕਰਦਿਆਂ ਕਿਹਾ, ”ਉਨ੍ਹਾਂ ਦੀ ਆਪਣੀ ਇੱਕ ਅਨੋਖੀ ਖ਼ਾਸੀਅਤ ਹੈ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਕੰਮ ਕਰਨਾ ਮੇਰੀ ਖ਼ੁਸ਼ਨਸੀਬੀ ਹੈ। ਉਹ ਅਜਿਹੇ ਵਿਅਕਤੀ ਹਨ ਜੋ ਆਪਣੇ ਸਾਥੀ ਕਲਾਕਾਰਾਂ ਨਾਲ ਵਧੀਆ ਅਤੇ ਸੂਝਵਾਨਾਂ ਵਾਲਾ ਵਰਤਾਅ ਕਰਦੇ ਹਨ। ਉਨ੍ਹਾਂ ਦਾ ਹਾਸੇ-ਠੱਠੇ ਵਾਲਾ ਸੁਭਾਅ ਕੰਮ ਕਰਨ ਲਈ ਊਰਜਾ ਦਿੰਦਾ ਹੈ। ਮੈਨੂੰ ਲਗਦਾ ਹੈ ਕਿ ਉਹ ਜਾਣਦੇ ਹਨ ਕਿ ਮੈਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹਾਂ ਅਤੇ ਕਿੰਨਾ ਪਸੰਦ ਵੀ।”
ਅਮਿਤਾਭ ਬੱਚਨ ਨੇ ਵੀ ਆਮਿਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ”ਆਮਿਰ ਆਪਣੇ ਆਪ ‘ਚ ਇੱਕ ਮਹਾਨ ਇਨਸਾਨ ਹੈ। ਉਹ ਇੱਕ ਲੇਖਕ, ਨਿਰਦੇਸ਼ਕ, ਸਹਾਇਕ ਨਿਰਦੇਸ਼ਕ, ਨਿਰਮਾਤਾ, ਕੈਮਰਾਮੈਨ, ਪਟਕਥਾ ਲੇਖਕ, ਆਲ ਇਨ ਵਨ ਹੈ ਅਤੇ ਸਭ ਤੋਂ ਅਹਿਮ ਗੱਲ ਕਿ ਉਹ ਇੱਕ ਸ਼ਾਨਦਾਰ ਕਲਾਕਾਰ ਹੈ। ਕਿਸੇ ਵੀ ਖੇਤਰ ‘ਚ ਉਸ ਲਈ ਸੰਘਰਸ਼ ਕਰਨਾ ਮੁਸ਼ਕਿਲ ਨਹੀਂ। ਉਸ ਨਾਲ ਕੰਮ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋਈ।”