ਆਈਸੀਸੀ ਟੀ-20 ਰੈਂਕਿੰਗ: ਕੁਲਦੀਪ ਯਾਦਵ ਦਾ ਸਰਵੋਤਮ ਪ੍ਰਦਰਸ਼ਨ

ਦੁਬਈ – ਭਾਰਤ ਦੀ ਵੈੱਸਟ ਇੰਡੀਜ਼ ‘ਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਕੁਲਦੀਪ ਯਾਦਵ ਆਈ.ਸੀ.ਸੀ. ਟੀ-20 ਰੈਂਕਿੰਗ ਵਿੱਚ 14 ਸਥਾਨ ਦੀ ਛਾਲ ਮਾਰ ਕੇ ਆਪਣੇ ਕਰੀਅਰ ਦੀ ਸਰਵੋਤਮ 23ਵੀਂ ਰੈਂਕਿੰਗ ‘ਤੇ ਪਹੁੰਚ ਗਿਆ ਹੈ। ਕੁਲਦੀਪ ਨੇ ਵੈੱਸਟ ਇੰਡੀਜ਼ ‘ਤੇ 3-0 ਦੀ ਜਿੱਤ ਦੌਰਾਨ ਦੋ ਮੈਚਾਂ ਵਿੱਚ ਪੰਜ ਵਿਕਟਾਂ ਲਈਆਂ। ਆਈ.ਸੀ.ਸੀ. ਵਲੋਂ ਜਾਰੀ ਰੈਂਕਿੰਗਜ਼ ਵਿੱਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸਿਖ਼ਰਲੇ 20 ਵਿੱਚ ਸ਼ਾਮਿਲ ਹੋ ਗਿਆ ਹੈ। ਉਹ 19ਵੇਂ ਸਥਾਨ ‘ਤੇ ਹੈ ਜਦੋਂਕਿ ਜਸਪ੍ਰੀਤ ਬਮਰਾਹ 21ਵੇਂ ਸਥਾਨ ‘ਤੇ ਹੈ। ਭਾਰਤੀ ਗੇਂਦਬਾਜ਼ਾਂ ਵਿੱਚ ਰੋਹਿਤ ਸ਼ਰਮਾ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ। ਇਸ ਲੜੀ ਵਿੱਚ ਟੀਮ ਦੀ ਅਗਵਾਈ ਕਰ ਰਿਹਾ ਰੋਹਿਤ ਸੱਤਵੇਂ ਅਤੇ ਧਵਨ 16ਵੇਂ ਸਥਾਨ ‘ਤੇ ਪਹੁੰਚ ਗਏ ਹਨ। ਟੀਮ ਰੈਂਕਿੰਗ ਵਿੱਚ ਪਾਕਿਸਤਾਨ ਪਹਿਲੇ ਅਤੇ ਭਾਰਤ ਦੂਜੇ ਸਥਾਨ ‘ਤੇ ਕਾਇਮ ਹਨ।
ਇਨ੍ਹਾਂ ਦੋਵਾਂ ਨੇ ਕ੍ਰਮਵਾਰ ਦੋ ਅਤੇ ਤਿੰਨ ਅੰਕ ਹਾਸਲ ਕੀਤੇ। ਪਾਕਿਸਤਾਨ ਦੇ ਹੁਣ 138 ਜਦਕਿ ਭਾਰਤ ਦੇ 127 ਅੰਕ ਹੋ ਗਏ ਹਨ। ਹਰਫ਼ਨਮੌਲਾ ਪ੍ਰਦਰਸ਼ਨ ਕਰਨ ਵਾਲਿਆਂ ਦੀ ਸੂਚੀ ਵਿੱਚ ਚੋਟੀ ਦੇ ਚਾਰ ਵਿੱਚ ਕੋਈ ਬਦਲਾਅ ਨਹੀਂ ਹੋਇਆ। ਆਸਟਰੇਲੀਆ ਦਾ ਗਲੈੱਨ ਮੈਕਸਵੈੱਲ ਸਿਖ਼ਰ ‘ਤੇ ਬਰਕਰਾਰ ਹੈ। ਉਸ ਤੋਂ ਬਾਅਦ ਮੁਹੰਮਦ ਨਬੀ, ਸ਼ਾਕਿਬ ਅਲ ਹਸਨ ਅਤੇ ਜੇ.ਪੀ. ਡੁਮਿਨੀ ਦਾ ਨੰਬਰ ਆਉਂਦਾ ਹੈ।