ਨਵੀਂ ਦਿੱਲੀ— ਭਗਵਾਨ ਸ਼੍ਰੀ ਰਾਮ ‘ਚ ਆਸਥਾ ਰੱਖਣ ਵਾਲੇ ਕਰੋੜਾਂ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਭਾਰਤ ਸਮੇਤ ਸ਼੍ਰੀਲੰਕਾ ‘ਚ ਜਿੱਥੇ-ਜਿੱਥੇ ਪ੍ਰਭੂ ਸ਼੍ਰੀ ਰਾਮ ਦੇ ਚਰਣ ਪਏ, ਉਨ੍ਹਾਂ ਥਾਵਾਂ ਦੇ ਦਰਸ਼ਨ ਕਰਨੇ ਹੁਣ ਸੌਖੇ ਹੋ ਗਏ ਹਨ। ਅੱਜ ਤੋਂ ਸ਼ੁਰੂ ਹੋਣ ਜਾ ਰਹੀ ਸਪੈਸ਼ਲ ਟਰੇਨ ‘ਸ਼੍ਰੀ ਰਾਮਾਇਣ ਐਕਸਪ੍ਰੈੱਸ’ ਅਯੁੱਧਿਆ, ਚਿਤਰਕੂਟ, ਰਾਮੇਸ਼ਵਰਮ ਵਰਗੇ ਉਨ੍ਹਾਂ ਤਮਾਮ ਮਹੱਤਵਪੂਰਨ ਸਥਾਨਾਂ ‘ਤੇ ਜਾਵੇਗੀ ਜਿਨ੍ਹਾਂ ਦਾ ਸੰਬੰਧ ਪ੍ਰਭੂ ਸ਼੍ਰੀ ਰਾਮ ਅਤੇ ਰਾਮਾਇਣ ਨਾਲ ਹੈ।
ਇਹ ਸਪੈਸ਼ਲ ਟਰੇਨ 14 ਨਵੰਬਰ ਯਾਨੀ ਅੱਜ ਤੋਂ ਰਵਾਨਾ ਹੋਣ ਜਾ ਰਹੀ ਹੈ। ਹੁਣ ਯਾਤਰੀ 22 ਨਵੰਬਰ ਨੂੰ ਰਵਾਨਾ ਹੋਣ ਵਾਲੀ ਟਰੇਨ ਦੀ ਬੁਕਿੰਗ ਕਰਾ ਸਕਦੇ ਹਨ। ਇਹ ਸਪੈਸ਼ਲ ਟਰੇਨ ਅਯੁੱਧਿਆ ਤੋਂ ਲੈ ਕੇ ਰਾਮੇਸ਼ਵਰਮ ਤਕ ਦੇ ਰਸਤੇ ‘ਚ ਆਉਣ ਵਾਲੇ ਪ੍ਰਭੂ ਸ਼੍ਰੀ ਰਾਮ ਨਾਲ ਜੁੜੇ ਸਾਰੇ ਤੀਰਥ ਸਥਾਨਾਂ ਦੀ ਸੈਰ ਕਰਾਏਗੀ। ਯਾਤਰੀ ਚਾਹੁਣ ਤਾਂ ਸ਼੍ਰੀਲੰਕਾ ‘ਚ ਜਾਣ ਦੀ ਵੀ ਯੋਜਨਾ ਬਣਾ ਸਕਦੇ ਹਨ। ਹਾਲਾਂਕਿ ਸ਼੍ਰੀਲੰਕਾ ਜਾਣ ਲਈ ਇਕੋ-ਇਕ ਬਦਲ ਹਵਾਈ ਸਫਰ ਹੈ, ਜਿਸ ਲਈ ਲੋਕਾਂ ਨੂੰ ਅਲੱਗ ਤੋਂ ਪੈਸੇ ਖਰਚ ਕਰਨੇ ਹੋਣਗੇ।
16 ਦਿਨ ਦਾ ਹੈ ਪੈਕੇਜ, ਯਾਤਰੀਆਂ ਨੂੰ ਮਿਲੇਗੀ ਸਾਰੀ ਸੁਵਿਧਾ :
ਸ਼੍ਰੀ ਰਾਮਾਇਣ ਐਕਸਪ੍ਰੈੱਸ ਦਾ ਪਹਿਲਾ ਸਟਾਪ ਅਯੁੱਧਿਆ ‘ਚ ਹੋਵੇਗਾ। ਇਹ ਟਰੇਨ 16 ਦਿਨਾਂ ‘ਚ ਸਾਰਾ ਸਫਰ ਪੂਰਾ ਕਰੇਗੀ। ਇਸ ਲਈ ਪ੍ਰਤੀ ਯਾਤਰੀ 15,120 ਰੁਪਏ ਦਾ ਪੈਕੇਜ ਰੱਖਿਆ ਗਿਆ ਹੈ। ਨੰਦੀਗ੍ਰਾਮ, ਸੀਤਾਮੜੀ, ਜਨਕਪੁਰ, ਵਾਰਾਣਸੀ, ਚਿੱਤਰਕੂਟ, ਨਾਸਿਕ ਅਤੇ ਰਾਮੇਸ਼ਵਰਮ ਵਰਗੇ ਸਥਾਨ ਇਸ ‘ਚ ਕਵਰ ਕੀਤੇ ਗਏ ਹਨ। ਸ਼੍ਰੀਲੰਕਾ ਸਥਿਤ ਤੀਰਥ ਸਥਾਨਾਂ ‘ਤੇ ਜਾਣ ਲਈ ਇਹ ਪੈਕੇਜ 36,200 ਰੁਪਏ ਪ੍ਰਤੀ ਯਾਤਰੀ ਹੈ।
ਪੈਕੇਜ ‘ਚ ਆਉਣ-ਜਾਣ ਦਾ ਕਿਰਾਇਆ, ਯਾਤਰਾ ਦੌਰਾਨ ਠਹਿਰਣ, ਖਾਣ-ਪੀਣ ਅਤੇ ਤਰੀਥ ਸਥਾਨ ਤਕ ਆਉਣ-ਜਾਣ ਦੀਆਂ ਸੁਵਿਧਾਵਾਂ ਸ਼ਾਮਲ ਹਨ, ਨਾਲ ਹੀ ਯਾਤਰਾ ਪ੍ਰਬੰਧਕ ਪੂਰੀ ਯਾਤਰਾ ਦੌਰਾਨ ਨਾਲ ਰਹਿਣਗੇ। ਸ਼੍ਰੀਲੰਕਾ ਜਾਣ ਵਾਲੇ ਲੋਕ ਚੇਨਈ ਜਾਂ ਰਾਮੇਸ਼ਵਰਮ ਤੋਂ ਫਲਾਈਟ ਲੈ ਸਕਦੇ ਹਨ। ਇਸ ਸਪੈਸ਼ਲ ਟਰੇਨ ਦਾ ਸਫਰ ਅੱਜ ਦਿੱਲੀ ਦੇ ਸਫਦਰਜੰਗ ਤੋਂ ਸ਼ੁਰੂ ਹੋਵੇਗਾ, ਜੋ ਦੁਪਹਿਰ ਬਾਅਦ 2.45 ‘ਤੇ ਰਵਾਨਾ ਹੋਵੇਗੀ। 22 ਨਵੰਬਰ ਨੂੰ ਸਪੈਸ਼ਲ ਟਰੇਨ ਜੈਪੁਰ ਤੋਂ ਚੱਲੇਗੀ, ਜੋ ਅਲਵਰ, ਦਿੱਲੀ ਸਫਦਰਜੰਗ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ ਅਤੇ ਲਖਨਾਊ ਸਟੇਸ਼ਨਾਂ ਤੋਂ ਯਾਤਰੀਆਂ ਨੂੰ ਨਾਲ ਲੈ ਕੇ ਰਾਮੇਸ਼ਵਰਮ ਲਈ ਰਵਾਨਾ ਹੋਵੇਗੀ। ਯਾਤਰੀਆਂ ਨੂੰ ਇਸ ਲਈ ਆਈ. ਆਰ. ਸੀ. ਟੀ. ਸੀ. ਟੂਰਿਜ਼ਮ ਦੀ ਵੈੱਬਸਾਈਟ ‘ਤੇ ਬੁਕਿੰਗ ਕਰਨੀ ਹੋਵੇਗੀ। 14 ਨਵੰਬਰ ਨੂੰ ਰਵਾਨਾ ਹੋਣ ਵਾਲੀ ਟਰੇਨ ਦਾ ਪੈਕੇਜ ਕੋਡ NZBD230 ਹੈ, ਜਦੋਂ ਕਿ 22 ਨਵੰਬਰ ਨੂੰ ਚੱਲਣ ਵਾਲੀ ਸਪੈਸ਼ਲ ਟਰੇਨ ਦਾ ਪੈਕੇਜ ਕੋਡ NZBD230A ਹੈ।