ਚੰਡੀਗੜ੍ਹ : ਤਿੰਨ ਸੂਬਿਆ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੀ ਪ੍ਰਚਾਰ ਲਈ ਕਾਫੀ ਡਿਮਾਂਡ ਹੈ। ਛਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਚੋਣ ਰੈਲੀਆਂ ਨੂੰ ਲੈ ਕੇ ਸਿੱਧੂ ਮੰਗਲਵਾਰ ਨੂੰ ਪ੍ਰਿਅੰਕਾ ਗਾਂਧੀ ਤੇ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਮਿਲੇ ਸਨ। ਸਿੱਧੂ ਨੇ ਦੱਸਿਆ ਕਿ ਅਜੇ ਇਹ ਤੈਅ ਹੋਣਾ ਬਾਕੀ ਹੈ ਕਿ ਮੈਨੂੰ ਕਿੱਥੇ ਅਤੇ ਕਿੰਨੀਆਂ ਰੈਲੀਆਂ ਵਿਚ ਹਿੱਸਾ ਲੈਣਾ ਹੈ। ਇਕ-ਦੋ ਦਿਨਾਂ ਵਿਚ ਪ੍ਰੋਗਰਾਮ ਫਾਈਨਲ ਹੋ ਜਾਵੇਗਾ।
ਸਿੱਧੂ ਨੂੰ ਲੈ ਕੇ ਕਾਂਗਰਸ ਬੇਹੱਦ ਗੰਭੀਰ ਹੈ। ਇਸ ਤੋਂ ਪਹਿਲਾਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਵੀ ਸਿੱਧੂ ਦੀ ਡਿਊਟੀ ਲਗਾਈ ਗਈ ਸੀ ਪਰ ਸਿੱਧੂ ਨਹੀਂ ਗਏ ਸਨ। ਇਹੀ ਕਾਰਨ ਹੈ ਕਿ ਮੰਗਲਵਾਰ ਨੂੰ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ਵਿਚ ਬੈਠਕ ਹੋਈ। ਸਿੱਧੂ ਨੂੰ ਕਾਂਗਰਸ ਵਿਚ ਲੈ ਕੇ ਆਉਣ ਵਿਚ ਪ੍ਰਿਅੰਕਾ ਦੀ ਅਹਿਮ ਭੂਮਿਕਾ ਹੈ। ਇਸ ਲਈ ਪਾਰਟੀ ਇਸ ਗੱਲ ਨੂੰ ਲੈ ਕੇ ਰਜ਼ਾਮੰਦੀ ਚਾਹੁੰਦੀ ਸੀ ਕਿ ਸਿੱਧੂ ਪ੍ਰਚਾਰ ਲਈ ਜਾਣਗੇ ਜਾਂ ਨਹੀਂ।
ਅਹਿਮ ਪਹਿਲੂ ਇਹ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਬੈਠਕ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ ਦਾ ਪ੍ਰਿਅੰਕਾ ਤੇ ਅਹਿਮਦ ਪਟੇਲ ਨਾਲ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਰੈਲੀਆਂ ਵਿਚ ਡਿਊਟੀ ਲਗਾਉਣ ਤੋਂ ਪਹਿਲਾਂ ਸਿੱਧੂ ਦੀ ਰਜ਼ਾਮੰਦੀ ਲੈਣਾ ਵੀ ਇਸ ਗੱਲ ਦੇ ਸੰਕੇਤ ਹਨ ਕਿ ਕਾਂਗਰਸ ਹਾਈਕਮਾਨ ‘ਚ ਵੀ ਸਿੱਧੂ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੇ ਹਨ।